JALANDHAR WEATHER

ਜਥੇਦਾਰ ਅਕਾਲ ਤਖਤ ਵਲੋਂ ਬਰਤਾਨੀਆ ਚੋਣਾਂ 'ਚ 4 ਦਸਤਾਰਧਾਰੀ ਸਿੱਖਾਂ ਤੇ 5 ਬੀਬੀਆਂ ਦੇ ਮੈਂਬਰ ਪਾਰਲੀਮੈਂਟ ਬਣਨ 'ਤੇ ਮੁਬਾਰਕਬਾਦ

ਅੰਮ੍ਰਿਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਰਤਾਨੀਆ ਦੀਆਂ ਪਾਰਲੀਮੈਂਟ ਚੋਣਾਂ ਵਿਚ ਪਹਿਲੀ ਵਾਰ 4 ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ 5 ਬੀਬੀਆਂ ਦੇ ਮੈਂਬਰ ਪਾਰਲੀਮੈਂਟ ਬਣਨ ਨੂੰ ਵਿਸ਼ਵ ਵਿਆਪੀ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਦੱਸਦਿਆਂ ਬਰਤਾਨੀਆ ਵਿਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੀ ਇਕ-ਡੇਢ ਸਦੀ ਦੌਰਾਨ ਸਿੱਖਾਂ ਨੇ ਪੰਜਾਬ ਅਤੇ ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕੀਤਾ ਅਤੇ ਅੱਜ ਦੁਨੀਆ ਦੇ 161 ਤੋਂ ਵੱਧ ਮੁਲਕਾਂ ਵਿਚ ਸਿੱਖ ਵੱਸਦੇ ਹਨ। ਉਨ੍ਹਾਂ ਇਸ ਗੱਲ 'ਤੇ ਤਸੱਲੀ ਜ਼ਾਹਿਰ ਕੀਤੀ ਕਿ ਦਸ ਗੁਰੂ ਸਾਹਿਬਾਨ ਦੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤ 'ਤੇ ਚੱਲਦਿਆਂ ਹਰ ਮੁਲਕ ਵਿਚ ਸਿੱਖਾਂ ਨੇ ਆਪਣੀ ਮਿਹਨਤ, ਈਮਾਨਦਾਰੀ ਅਤੇ ਲਿਆਕਤ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਸਿੱਖ ਚੰਗੀ ਰਾਜਨੀਤਕ ਸਥਿਤੀ ਵਿਚ ਹਨ ਅਤੇ ਬਰਤਾਨੀਆ ਵਿਚ ਪਹਿਲਾਂ ਵੀ ਸਿੱਖ ਸਿਵਲ, ਪ੍ਰਸ਼ਾਸਨਿਕ ਤੇ ਰਾਜਨੀਤਕ ਖੇਤਰ ਵਿਚ ਚੰਗਾ ਪ੍ਰਭਾਵ ਬਣਾ ਚੁੱਕੇ ਹਨ ਪਰ ਬਰਤਾਨੀਆ ਵਿਚ ਹੁਣੇ ਹੋਈਆਂ ਪਾਰਲੀਮੈਂਟ ਚੋਣਾਂ ਦੌਰਾਨ ਚਾਰ ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਪੰਜ ਬੀਬੀਆਂ ਦਾ ਪਾਰਲੀਮੈਂਟ ਮੈਂਬਰ ਬਣਨਾ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਬਰਤਾਨੀਆ ਵਿਚ ਜਿੱਤ ਹਾਸਲ ਕਰਨ ਵਾਲੇ ਪੰਜਾਬੀ ਅਤੇ ਸਿੱਖ ਪਾਰਲੀਮੈਂਟ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀ ਲਿਆਕਤ, ਦੂਰਅੰਦੇਸ਼ੀ ਅਤੇ ਰਾਜਨੀਤਕ ਯੋਗਤਾ ਨਾਲ ਜਿਥੇ ਬਰਤਾਨੀਆ ਦੀ ਸਰਬਪੱਖੀ ਉੱਨਤੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ, ਉਥੇ ਹੀ ਸਿੱਖ ਕੌਮ ਦੇ ਕੌਮਾਂਤਰੀ ਮਸਲਿਆਂ ਤੇ ਵਿਦੇਸ਼ਾਂ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਚ ਆਉਂਦੀਆਂ ਸਮੱਸਿਆਵਾਂ ਦੇ ਸਰਲੀਕਰਨ ਅਤੇ ਦਸ ਗੁਰੂ ਸਾਹਿਬਾਨ ਦੇ ਦਿੱਤੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਪੰਥ ਦਾ ਨਾਮ ਰੌਸ਼ਨ ਕਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ