JALANDHAR WEATHER

ਮੰਤਰੀ ਦੀ ਜਲੰਧਰ ਰਿਹਾਇਸ਼ ਤੇ ਵੈਟਰਨਰੀ ਫਾਰਮਾਸਿਸਟ ਯੂਨੀਅਨ 25 ਤੋਂ ਲਗਾਏਗੀ ਧਰਨਾ

ਫ਼ਿਰੋਜਪੁਰ, 18 ਜੂਨ (ਰਾਕੇਸ਼ ਚਾਵਲਾ)-ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨਾਰਾਜ਼ ਚੱਲ ਰਹੇ ਵੈਟਰਨਰੀ ਫਾਰਮਾਸਿਸਟ (ਠੇਕਾ ਮੁਲਾਜ਼ਮ) ਨੇ ਐਲਾਨ ਕੀਤਾ ਹੈ ਕਿ ਉਹ 25 ਜੂਨ ਤੋਂ ਮੁੱਖ ਮੰਤਰੀ ਦੀ ਜਲੰਧਰ ਵਿਖੇ ਬਣਾਈ ਗਈ ਆਰਜੀ ਰਿਹਾਇਸ਼ ਸਾਹਮਣੇ ਧਰਨਾ ਲਗਾਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ ਅਤੇ 582 ਠੇਕਾ ਮੁਲਾਜ਼ਮ ਪਰਿਵਾਰ ਸਮੇਤ ਬੈਠਣਗੇ ਧਰਨੇ ਤੇ। ਇਸ ਸੰਬੰਧੀ ਵੈਟਰਨਰੀ ਫਾਰਮਾਸਿਸਟ ਯੂਨੀਅਨ ਫ਼ਿਰੋਜਪੁਰ ਜਥੇਬੰਦੀ ਦੇ ਪ੍ਰਧਾਨ ਗੁਰਲਾਲ ਸਿੰਘ ਅਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰੋਮਾਣਾ,ਅਤੇ ਹੋਰ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਫ਼ਿਰੋਜ਼ਪੁਰ ਕੈਂਟ ਦੇ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਹੋਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭਰਤੀ 2006 ਵਿਚ ਬਤੌਰ ਠੇਕਾ ਮੁਲਾਜ਼ਮ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2012 ਵਿਚ ਪੱਕੇ ਕਰਨ ਦੀ ਮੰਗ ਕਰਦੇ ਹੋਏ ਚੰਡੀਗੜ੍ਹ ਵਿਚ ਧਰਨਾ ਲਗਾਇਆ ਸੀ ।ਇਸ ਧਰਨੇ ਵਿਚ ਭਗਵੰਤ ਮਾਨ ਨੇ ਖੁਦ ਆ ਕੇ ਉਹਨਾ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਉਹਨਾਂ ਸਰਕਾਰ ਬਣਦੀ ਹੈ, ਤਾਂ ਉਹ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਨਗੇ।ਇਸ ਤੋਂ ਇਲਾਵਾ 2022 ਦੀਆਂ ਚੋਣਾਂ ਤੋਂ ਪਹਿਲਾ ਵੀ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਕਰਕੇ ਮੁਲਾਜਮਾਂ ਨੇ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦਿੱਤਾ, ਜਿਸ ਦੇ ਸਿੱਟੇ ਵਜੋਂ ਭਗਵੰਤ ਮਾਨ ਦੀ ਸਰਕਾਰ ਵੀ ਬਣ ਗਈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਹਾਲਾਤ ਇੱਥੋ ਤੱਕ ਬਦਤਰ ਹੋ ਗਏ ਕਿ ਉਨ੍ਹਾਂ ਨੂੰ 4-5 ਮਹੀਨੇ ਤੱਕ ਤਨਖਾਹ ਵੀ ਨਹੀਂ ਮਿਲਦੀ ਹੈ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਉਹ ਪਰਿਵਾਰਾਂ ਸਮੇਤ ਵਿਧਾਨ ਸਭਾ ਹਲਕਾ ਪੱਛਮੀਂ ਦੀ ਜਿਮਨੀ ਚੋਣ ਲਈ ਜਲੰਧਰ ਵਿਚ ਰਿਹਾਇਸ਼ ਬਣਾ ਕੇ ਬੈਠੇ ਮੁੱਖ ਮੰਤਰੀ ਦਾ ਵਿਰੋਧ ਕਰਨਗੇ ਅਤੇ ਪੱਕੇ ਤੌਰ ਤੇ ਧਰਨਾ ਲਗਾਉਣਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ