28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਐੱਸ.ਪੀ. ਜਸਲੀਨ ਕੌਰ ਵਲੋਂ ਮਟਦਾਦੂ ’ਚ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਰਣਦੀਪ ਮਟਦਾਦੂ ਨੇ ਐੱਸ.ਪੀ. ਰਾਹੀਂ ਖੇਡ ਸਟੇਡੀਅਮ ਤੇ ਜਿੰਮ ਦੀ ਮੰਗ ਰੱਖੀ

ਅਜੀਤ ਡੈਸਕ 09-07-2026
ਡੱਬਵਾਲੀ, 8 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪੁਲਿਸ ਜ਼ਿਲ੍ਹਾ ਡੱਬਵਾਲੀ ਦੀ ਐੱਸਪੀ ਜਸਲੀਨ ਕੌਰ ਨੇ ਅੱਜ ਪਿੰਡ ਮਟਦਾਦੂ ਵਿਖੇ ‘ਨਸ਼ਾ ਮੁਕਤ ਪਿੰਡ ਮੁਹਿੰਮ’ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕੀਤਾ। ਇਸ ਮੌਕੇ ਸਰਪੰਚ ਗਗਨਰਣਦੀਪ ਸਿੰਘ ਮਟਦਾਦੂ ਨੇ ਪਿੰਡ ਵਿੱਚ ‘ਹਰ ਘਰ ਨਸ਼ਾ ਮੁਕਤ ਘਰ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸਪੀ ਜਸਲੀਨ ਕੌਰ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਸਿਰਫ਼ ਪੁਲਿਸ ਕਾਰਵਾਈ ਨਹੀਂ, ਸਗੋਂ ਜਾਗਰੂਕ ਸਮਾਜ ਅਤੇ ਚੇਤੰਨ ਨੌਜਵਾਨ ਹਨ। ਉਨ੍ਹਾਂ ਦੱਸਿਆ ਕਿ ਡੱਬਵਾਲੀ ਪੁਲਿਸ ਵੱਲੋਂ ਇੱਕ ਪਾਸੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਦੂਜੇ ਪਾਸੇ ਨਸ਼ੇ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨਸ਼ਾ ਮੁਕਤੀ, ਸਾਈਬਰ ਸੁਰੱਖਿਆ ਅਤੇ ਮਹਿਲਾ ਸੁਰੱਖਿਆ ਬਾਰੇ ਚਾਣਨਾ ਪਾਉਂਦੇ ਪਿੰਡ ਵਾਸੀਆਂ ਨੂੰ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ।ਸਰਪੰਚ ਪ੍ਰਤੀਨਿਧੀ ਰਣਦੀਪ ਸਿੰਘ ਮਟਦਾਦੂ ਨੇ ਪਿੰਡ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਐੱਸਪੀ ਜਰੀਏ ਸਰਕਾਰ ਦੇ ਸਨਮੁੱਖ ਪਿੰਡ ਵਿੱਚ ਖੇਡ ਸਟੇਡੀਅਮ ਅਤੇ ਜਿੰਮ ਬਣਾਉਣ ਦੀ ਮੰਗ ਰੱਖੀ। ਐੱਸਪੀ ਨੇ ਪੌਧਾ ਲਗਾ ਕੇ ਪਿੰਡ ਵਿੱਚ 1000 ਬੂਟਿਆਂ ਵਾਲੇ ਸਾਲਾਨਾ ਵਣ ਮਹਾਂ ਉਤਸਵ ਦਾ ਆਗਾਜ਼ ਕੀਤਾ। ਗ੍ਰਾਮ ਪੰਚਾਇਤ ਨੇ ਐੱਸਪੀ ਜਸਲੀਨ ਕੌਰ ਅਤੇ ਹੋਰ ਮਹਿਮਾਨਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਥਾਣਾ ਸਦਰ ਦੇ ਮੁਖੀ ਅਨਿਲ ਕੁਮਾਰ, ਸਬ ਇੰਸਪੈਕਟਰ ਸੁਗਰੀਵ, ਡਾ. ਹਰਸਿਮਰਜੀਤ ਸਿੰਘ ਅਤੇ ਡਾ. ਹਰਨੂਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੋਨਿਆਣਾ ਨਗਰ ਕੌਸ਼ਲ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਫਿਰ ਹੋਈ ਰੱਦ ਅਗਲੀ ਖ਼ਬਰ ਪੰਜਾਬ ਪੁਲਿਸ ਦੇ ਸਿਪਾਹੀ ਦੀ ਕੁੱਟਮਾਰ ਕਰਨ, ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਵਾਲੇ ਸੇਮਾ ਕਲਾਂ ਦੇ 3 ਮੁਲਜ਼ਮ ਗ੍ਰਿਫ਼ਤਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।