ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪਿਛਲੇ ਸਾਲ ਬਰਸਾਤੀ ਮੌਸਮ ਦੌਰਾਨ ਇਲਾਕੇ 'ਚੋਂ ਲੰਘਦੀ ਚਿੱਟੀ ਵੇਂਈ ਨੇ ਉੱਛਲ ਕੇ ਹੜ੍ਹ ਦਾ ਰੂਪ ਧਾਰਨ ਕਰਦੇ ਹੋਏ ਪੂਰੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ ਅਤੇ ਫਸਲਾਂ ਡੋਬ ਦਿੱਤੀਆਂ ਸਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਠੇਕੇਦਾਰ ਰਾਹੀਂ ਇਸ ਬੰਨ੍ਹ 'ਤੇ ਪੱਕੀ ਮਿੱਟੀ ਪੁਆਈ ਜਾ ਰਹੀ ਹੈ, ਪਰ ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਵਲੋਂ ਪੱਕੀ ਮਿੱਟੀ ਦੀ ਥਾਂ ਚਿੱਟੀ ਰੇਤਾ ਆਦਿ ਪਾਈ ਜਾ ਰਹੀ ਹੈ, ਜੋ ਆਉਣ ਵਾਲੀ ਬਰਸਾਤ ਦੌਰਾਨ ਪਹਿਲੇ ਮੀਂਹ ਨਾਲ ਹੀ ਰੁੜ ਕੇ ਚਿੱਟੀ ਵੇਂਈਾ ਜਾਂ ਨਾਲਦੇ ਖੇਤਾਂ 'ਚ ਮਿਲ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਸ਼ੋਸ਼ਲ ਵਰਕਰ ਅਤੇ ਕਿਸਾਨ ਆਗੂ ਅਮਰਜੀਤ ਸਿੰਘ ਬੱਬੂ ਮੁਰਾਜਵਾਲਾ ਨੇ ਕਿਹਾ ਕਿ ਨਵਾਂ ਪਿੰਡ ਖਾਲੇਵਾਲ ਨੇੜੇ ਅਸੀਂ ਬੰਨ੍ਹ 'ਤੇ ਪੈ ਰਹੀ ਮਿੱਟੀ ਬਾਰੇ ਠੇਕੇਦਾਰ ਦੇ ਕਰਿੰਦਿਆਂ ਅਤੇ ਸਰਕਾਰ ਦੇ ਮੁਲਾਜ਼ਮਾਂ ਨੂੰ ਸ਼ਿਕਾਇਤ ਕੀਤੀ ਕਿ ਇੱਥੇ ਸਰਕਾਰ ਵਲੋਂ ਪ੍ਰਵਾਨਿਤ ਪੱਕੀ ਮਿੱਟੀ ਹੀ ਪਾਈ ਜਾਵੇ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ | ਉਨ੍ਹਾਂ ਕਿਹਾ ਕਿ ਬਹੁਤ ਜੋਰ ਦੇਣ 'ਤੇ ਠੇਕੇਦਾਰ ਦੇ ਕਰਿੰਦੇ ਇਧਰੋਂ ਕੰਮ ਬੰਦ ਕਰਕੇ ਦੂਜੀ ਸਾਈਡ ਜਾ ਕੇ ਚਿੱਟੀ ਰੇਤਾ ਪਾਉਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦੂਜੇ ਦਿਨ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾ ਚਿੱਟੀ ਰੇਤਾ ਨੂੰ ਲੁਕਾਉਣ ਲਈ ਲਾਲ ਮਿੱਟੀ ਲਿਆ ਉਸ ਨੂੰ ਉੱਤੇ ਉੱਤੇ ਖਿਲਾਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸਾਡੀ ਤਾਂ ਹਰ ਸਾਲ ਹੜ੍ਹਾਂ ਦੌਰਾਨ ਫਸਲ ਡੁੱਬ ਜਾਂਦੀ ਹੈ, ਇਸ ਲਈ ਅਸੀਂ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਆਪ ਦੇ ਹਲਕਾ ਇੰਚਾਰਜ ਅਤੇ ਹੋਰ ਜਿੰਮੇਵਾਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ 'ਤੇ ਤਰਸ ਖਾਓ ਅਤੇ ਇਨ੍ਹਾਂ ਬੰਨਾਂ ਤੋਂ ਚਿੱਟੀ ਰੇਤਾ ਚੁੱਕ ਕੇ ਉਥੇ ਪੱਕੀ ਮਿੱਟੀ ਪਾਓ ਅਤੇ ਠੇਕੇਦਾਰ 'ਤੇ ਬਣਦੀ ਕਾਰਵਾਈ ਕਰੋ |