ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਨੇ ਪੂਰਵੀ ਜ਼ਿਲ੍ਹੇ ‘ਵੀ ਕੇਅਰ’ ਪਹਿਲਕਦਮੀ ਅਧੀਨ ਮੈਗਾ ਬਾਲ ਸੁਰੱਖਿਆ ਜਾਗਰੂਕਤਾ ਪੋ੍ਗਰਾਮ ਸਰਵੋਦਿਆ (ਕੋ-ਐੱਡ) ਸੀਨੀਅਰ ਸੈਕੰਡਰੀ ਸਕੂਲ ਆਈ.ਪੀ. ਐਕਸਟੈਂਸ਼ਨ ਪੜਪੜਗੰਜ ਦਿੱਲੀ ਵਿਖੇ ਕਰਾਇਆ ਗਿਆ। ਇਸ ਪੋ੍ਗਰਾਮ ਦੇ ਵਿਚ ਦਿੱਲੀ ਪੁਲਿਸ ਦੇ ਆਰਕੈਸਟਰਾ ਬੈਂਡ ਨੇ ਇਕ ਸੰਗੀਤਕ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਗੀਤ ਪੇਸ਼ ਕੀਤੇ। ਐਸ.ਪੀ.ਯੂ.ਡਬਲਿਊ.ਏ.ਸੀ. ਟੀਮ ਨੇ ਬੱਚਿਆਂ ਵਿਚ ਨਿੱਜੀ ਸੁਰੱਖਿਆ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਸਵੈ-ਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਸੜਕ ਸੁਰੱਖਿਆ ’ਤੇ ਇਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਉਪਰੰਤ ਮੁੱਖ ਸੁਰੱਖਿਆ ਸੰਦੇਸ਼ਾਂ ਨੂੰ ਮਜ਼ਬੂਤ ਕਰਨ ਲਈ ਇਕ ਇੰਟਰਐਕਟਿਵ ਕੁਇਜ਼ ਮੁਕਾਬਲਾ ਕੀਤਾ ਗਿਆ ਅਤੇ ਉਭਰ ਰਹੇ ਡਿਜ਼ੀਟਲ ਖ਼ਤਰਿਆਂ ਨੂੰ ਹੱਲ ਕਰਨ ਲਈ ਸਾਈਬਰ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਸਾਇਬਰ ਸੁਰੱਖਿਆ ਅਤੇ ਆਨਲਾਈਨ ਸੁਰੱਖਿਆ ’ਤੇ ਇਕ ਸੈਸ਼ਨ ਕੀਤਾ। ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਭਾਸ਼ਨ ਰਾਹੀਂ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵ ਬਾਰੇ ਜਾਗਰੂਕ ਕੀਤਾ। ਏ.ਸੀ.ਪੀ. (ਮਧੂ ਵਿਹਾਰ) ਨੇ ਚੰਗੇ ਆਚਰਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਪੋ੍ਗਰਾਮ ਦੇ ਵਿਚ ਤਕਰੀਬਨ 600 ਬੱਚਿਆਂ, ਅਧਿਆਪਕਾਂ ਤੇ ਸਕੂਲ ਸਟਾਫ਼ ਨੇ ਭਾਗ ਲਿਆ।