ਐਕਸਪ੍ਰੈੱਸ - ਵੇ ’ ਤੇ ਅੱਧੀ ਰਾਤ ਨੂੰ ਪੁਲਿਸ ਨਾਕੇਬੰਦੀ ਦੌਰਾਨ ਟਰੱਕਾਂ ਦੀ ਟੱਕਰ , ਕੈਬਿਨ ’ ਚ ਫਸੇ ਬੀਕਾਨੇਰ ਦੇ ਚਾਲਕ ਦੀ ਮੌਤ
ਡੱਬਵਾਲੀ, 17 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ-ਵੇ ’ਤੇ ਡੂਮਵਾਲੀ ਅਤੇ ਪਥਰਾਲਾ ਵਿਚਕਾਰ ਦੇਰ ਰਾਤ ਪੰਜਾਬ ਪੁਲਿਸ ਦੀ ਨਾਕੇਬੰਦੀ ਦੌਰਾਨ ਟਰੱਕਾਂ ਦੀ ਟੱਕਰ ਵਿੱਚ ਰਾਜਸਥਾਨ ਦੇ ਕਲਾਇਤ (ਬੀਕਾਨੇਰ) ਵਾਸੀ ਚਾਲਕ ਭੰਵਰ ਸਿੰਘ (32) ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਇੱਕ ਹੋਰ ਚਾਲਕ ਨੇ ਪੁਲਿਸ ਮੁਲਾਜ਼ਮਾਂ ’ਤੇ ਬਚਾਅ ਕਾਰਜ ਕਰਨ ਦੀ ਬਜਾਇ ਮੌਕੇ ਤੋਂ ਚਲੇ ਜਾਣ ਦੇ ਦੋਸ਼ ਲਾਏ ਹਨ।
ਡੱਬਵਾਲੀ, 17 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ-ਵੇ ’ਤੇ ਡੂਮਵਾਲੀ ਅਤੇ ਪਥਰਾਲਾ ਵਿਚਕਾਰ ਦੇਰ ਰਾਤ ਪੰਜਾਬ ਪੁਲਿਸ ਦੀ ਨਾਕੇਬੰਦੀ ਦੌਰਾਨ ਟਰੱਕਾਂ ਦੀ ਟੱਕਰ ਵਿੱਚ ਰਾਜਸਥਾਨ ਦੇ ਕਲਾਇਤ (ਬੀਕਾਨੇਰ) ਵਾਸੀ ਚਾਲਕ ਭੰਵਰ ਸਿੰਘ (32) ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਇੱਕ ਹੋਰ ਚਾਲਕ ਨੇ ਪੁਲਿਸ ਮੁਲਾਜ਼ਮਾਂ ’ਤੇ ਬਚਾਅ ਕਾਰਜ ਕਰਨ ਦੀ ਬਜਾਇ ਮੌਕੇ ਤੋਂ ਚਲੇ ਜਾਣ ਦੇ ਦੋਸ਼ ਲਾਏ ਹਨ। ਪੰਜ ਪੁਲਿਸ ਮੁਲਾਜ਼ਮਾਂ ਦੀ ਟੀਮ ਥਾਣਾ ਸੰਗਤ ਨਾਲ ਸਬੰਧਿਤ ਦੱਸੀ ਜਾਂਦੀ ਹੈ।ਜ਼ਖ਼ਮੀ ਚਾਲਕ ਸੰਦੀਪ ਚੌਧਰੀ (39) ਵਾਸੀ ਪਿੰਡ ਕਿਠਾਨਾ, ਝੁੰਝਨੂੰ ਅਨੁਸਾਰ ਪੰਜ ਪੱਗੜੀਧਾਰੀ ਪੁਲਿਸ ਮੁਲਾਜ਼ਮਾਂ ਨੇ ਸਫ਼ੈਦ ਆਲਟੋ ਕਾਰ ਖੜ੍ਹੀ ਕਰਕੇ ਤਿੰਨ ਟਰੱਕ ਰੋਕ ਰੱਖੇ ਸਨ। ਉਸ ਨੇ ਵੀ ਆਪਣਾ ਟਰੱਕ 15 ਫੁੱਟ ਪਿੱਛੇ ਖੜ੍ਹਾ ਕਰ ਦਿੱਤਾ ਸੀ। ਇਸੇ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਨੇ ਪਿੱਛੋਂ ਆਉਂਦੇ ਕੋਲੇ ਨਾਲ ਲੱਦੇ ਟਰੱਕ ਨੂੰ ਕਿਨਾਰੇ ਰੋਕਣ ਦੀ ਕੋਸ਼ਿਸ਼ ਕੀਤੀ। ਟਰੱਕ ਬੇਕਾਬੂ ਹੋ ਕੇ ਉਸਦੇ ਟਰੱਕ ਨਾਲ ਟਕਰਾ ਗਿਆ ਅਤੇ ਉਸਦਾ ਟਰੱਕ ਅੱਗੇ ਖੜ੍ਹੇ ਵਾਹਨ ਨਾਲ ਜਾ ਟਕਰਾਇਆ। ਸੰਦੀਪ ਮੁਤਾਬਿਕ, ਕਰੀਬ 20 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਉਹ ਕੈਬਿਨ ਵਿਚੋਂ ਬਾਹਰ ਨਿਕਲਿਆ ਅਤੇ 108 ਤੇ 112 ਨੰਬਰਾਂ ’ਤੇ ਸੂਚਨਾ ਦਿੱਤੀ। ਪਿੱਛੇ ਵਾਲੇ ਟਰੱਕ ਦੇ ਕੈਬਿਨ ਵਿੱਚ ਫਸਿਆ ਭੰਵਰ ਸਿੰਘ ਕਰੀਬ ਇੱਕ ਘੰਟੇ ਤੱਕ ਮੱਦਦ ਦੀ ਉਡੀਕ ਕਰਦਾ ਰਿਹਾ। ਮੰਡੀ ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਅਤੇ ਹਾਈਡਰਾ-ਕ੍ਰੇਨ ਦੀ ਮੱਦਦ ਨਾਲ ਕੈਬਿਨ ਕੱਟ ਕੇ ਉਸ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੰਦੀਪ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਪੰਜ ਪੁਲਿਸ ਮੁਲਾਜ਼ਮਾਂ ਨੇ ਜ਼ਖ਼ਮੀਆਂ ਦੀ ਮੱਦਦ ਕਰਨ ਦੀ ਬਜਾਇ ਪਹਿਲਾਂ ਰੋਕੇ ਗਏ ਤਿੰਨ ਟਰੱਕਾਂ ਨੂੰ ਕਾਹਲੀ ਵਿੱਚ ਉੱਥੋਂ ਰਵਾਨਾ ਕਰਵਾਇਆ ਅਤੇ ਆਪਣੀ ਕਾਰ ਲੈ ਕੇ ਗਲਤ ਪਾਸੇ ਤੋਂ ਡੱਬਵਾਲੀ ਵੱਲ ਚਲੇ ਗਏ। ਚਾਲਕ ਨੂੰ ਝਪਕੀ ਆਉਣ ਕਰਕੇ ਹਾਦਸਾ ਹੋਇਆ : ਥਾਣਾ ਮੁਖੀ ਥਾਣਾ ਸੰਗਤ ਦੇ ਮੁਖੀ ਹਰਬੰਸ ਸਿੰਘ ਨੇ ਹਾਦਸੇ ਲਈ ਪਿੱਛੋਂ ਆਉਂਦੇ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸੜਕ ਖੁੱਲ੍ਹੀ ਸੀ, ਤਿੰਨ ਟਰੱਕ ਕਿਨਾਰੇ ਖੜ੍ਹੇ ਸਨ ਤੇ ਪੁਲਿਸ ਟੀਮ ਕੋਲ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਸੀ। ਐਕਸਪ੍ਰੈੱਸ - ਵੇ ’ ਤੇ ਅੱਧੀ ਰਾਤ ਨੂੰ ਨਿੱਜੀ ਕਾਰ ਰਾਹੀਂ ਨਾਕੇਬੰਦੀ ’ ਤੇ ਸਵਾਲ ਰਾਤ ਡੇਢ ਵਜੇ ਐਕਸਪ੍ਰੈੱਸ-ਵੇ ’ਤੇ ਬਿਨਾਂ ਸਰਕਾਰੀ ਵਾਹਨ ਅਤੇ ਕਥਿਤ ਚਿਤਾਵਨੀ ਸੰਕੇਤਾਂ ਤੋਂ ਨਿੱਜੀ ਆਲਟੋ ਕਾਰ ਰਾਹੀਂ ਨਾਕੇਬੰਦੀ ਕਈ ਸਵਾਲ ਖੜ੍ਹੇ ਕਰਦੀ ਹੈ। ਹਾਦਸੇ ਉਪਰੰਤ ਪੁਲਿਸ ਮੁਲਾਜ਼ਮਾਂ ’ਤੇ ਮੌਕੇ ਤੋਂ ਚਲੇ ਜਾਣ ਦੇ ਦੋਸ਼ ਵੀ ਗੰਭੀਰ ਹਨ। ਸ਼ੁਰੂ ਵਿੱਚ ਪਥਰਾਲਾ ਚੌਕੀ ਦੇ ਸੂਤਰਾਂ ਨੇ ਕਿਸੇ ਪੁਲਿਸ ਨਾਕੇਬੰਦੀ ਤੋਂ ਨਾਂਹ ਕੀਤਾ, ਪਰ ਬਾਅਦ ਵਿੱਚ ਥਾਣਾ ਸੰਗਤ ਦੇ ਮੁਖੀ ਨੇ ਪੁਲਿਸ ਟੀਮ ਵੱਲੋਂ ਨਾਕੇ ਲਗਾਉਣ ਦੀ ਪੁਸ਼ਟੀ ਕੀਤੀ। ਮਾਮਲੇ ਵਿੱਚ ਐਕਸਪ੍ਰੈੱਸ-ਵੇ ਦੀ ਸੀਸੀਟੀਵੀ ਫੁਟੇਜ ਅਹਿਮ ਸਬੂਤ ਬਣ ਸਕਦੀ ਹੈ। ਸਵਾਲ ਨਾਕੇਬੰਦੀ ’ਤੇ ਨਹੀਂ, ਸਗੋਂ ਹਾਦਸੇ ਦੌਰਾਨ ਪੁਲਿਸ ਦੀ ਭੂਮਿਕਾ ਅਤੇ ਇੱਕ ਬੇਕਸੂਰ ਚਾਲਕ ਦੀ ਬੇਵਜ੍ਹਾ ਮੌਤ ਨੂੰ ਲੈ ਕੇ ਹੈ।