09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿੱਲੀ ਦੀਆਂ ਡੀ.ਟੀ.ਸੀ. ਅਤੇ ਕਲਸਟਰ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਲਈ ਬਣ ਰਹੇ ਨੇ ਪਿੰਕ ਸਹੇਲੀ ਸਮਾਰਟ ਕਾਰਡ

ਅਜੀਤ ਡੈਸਕ 11-04-2026
ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਔਰਤਾਂ ਨੂੰ ਡੀ.ਟੀ.ਸੀ. ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਲਈ ਹੁਣ ਪਿੰਕ ਸਹੇਲੀ ਸਮਾਰਟ ਕਾਰਡ ਬਣਵਾਉਣਾ ਪਵੇਗਾ | ਜਿਨ੍ਹਾਂ ਕੋਲ ਇਹ ਕਾਰਡ ਨਹੀਂ ਹੋਵੇਗਾ ਉਨ੍ਹਾਂ ਨੂੰ ਮੁਫ਼ਤ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ | ਫਿਰ ਔਰਤਾਂ ਨੂੰ ਗੁਲਾਬੀ ਟਿਕਟ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ | ਕਾਰਡ ਬਣਾਉਣ ਦੀ ਸ਼ੁਰੂਆਤ 3 ਮਾਰਚ ਤੋਂ ਕੀਤੀ ਗਈ ਹੈ ਅਤੇ ਇਸ ਨੂੰ ਬਣਾਉਣ ਲਈ ਅਜੇ ਤਿੰਨ ਮਹੀਨੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਪ੍ਰੰਤੂ ਸਮੇਂ ਦੀ ਸੀਮਾ ਵਧਾਉਣੀ ਪਵੇਗੀ ਕਿਉਂਕਿ ਜਿਨ੍ਹਾਂ ਸੈਂਟਰਾਂ 'ਤੇ ਇਹ ਕਾਰਡ ਬਣਾਏ ਜਾ ਰਹੇ ਹਨ ਉਥੇ ਔਰਤਾਂ ਦੀ ਕਾਫ਼ੀ ਭੀੜ ਹੈ, ਇਸ ਕਾਰਡ ਨੂੰ ਬਣਾਉਣ ਲਈ ਔਰਤਾਂ ਨੂੰ ਆਪਣਾ ਅਧਾਰ ਕਾਰਡ, ਰਿਹਾਇਸ਼ੀ ਪ੍ਰਮਾਣ ਪੱਤਰ ਅਤੇ ਫੋਟੋ ਨਾਲ ਲੈ ਕੇ ਜਾਣੀ ਹੋਵੇਗੀ | ਜਿਨ੍ਹਾਂ ਸੈਂਟਰਾਂ ਜਾਂ ਡੀ.ਟੀ.ਸੀ. ਦੇ ਡਿਪੂਆਂ 'ਤੇ ਇਹ ਕਾਰਡ ਬਣਾਏ ਜਾ ਰਹੇ ਹਨ ਉਹ ਹਫ਼ਤੇ ਵਿਚ ਸਾਰੇ ਦਿਨ ਕੰਮ ਕਰ ਰਹੇ ਹਨ ਅਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਧੜਾਧੜ ਇਹ ਕਾਰਡ ਬਣ ਰਹੇ ਹਨ | ਸੈਂਟਰਾਂ 'ਤੇ ਸਵੇਰੇ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ | ਇਹ 12 ਸਾਲ ਦੀ ਉਮਰ ਤੋਂ ਉਪਰ ਵਾਲੀਆਂ ਔਰਤਾਂ ਦਾ ਹੀ ਬਣੇਗਾ ਜੋ ਕੇਵਲ ਦਿੱਲੀਆਂ ਦੀਆਂ ਰਹਿਣ ਵਾਲੀਆਂ ਹਨ | ਇਸ ਕਾਰਡ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 2 ਮਾਰਚ 2026 ਨੂੰ ਲਾਂਚ ਕੀਤਾ ਸੀ | ਦਿੱਲੀ ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਸਾਲ 2019 'ਚ ਦਿੱਤੀ ਗਈ ਸੀ ਅਤੇ ਬੱਸ ਵਿਚ ਚੜ੍ਹ ਜਾਣ 'ਤੇ ਔਰਤਾਂ ਨੂੰ ਕੰਡਕਟਰ ਤੋਂ ਗੁਲਾਬੀ ਰੰਗ ਦਾ ਟਿਕਟ ਲੈਣਾ ਪੈਂਦਾ ਹੈ | ਅਜੇ ਵੀ ਇਹ ਸਹੂਲਤ ਔਰਤਾਂ ਨੂੰ ਮਿਲ ਰਹੀ ਹੈ | ਜਦੋਂ ਉਪਰੋਕਤ ਕਾਰਡ ਬਣਾਉਣ ਦੀ ਮਿਤੀ ਖ਼ਤਮ ਹੋ ਜਾਂਦੀ ਹੈ ਤਾਂ ਉਦੋਂ ਡੀ.ਟੀ.ਸੀ. ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਪ੍ਰਤੀ ਕੇਵਲ ਕਾਰਡ ਹੀ ਚੱਲੇਗਾ | ਨੋਇਡਾ, ਗਾਜ਼ੀਆਬਾਦ, ਸੋਨੀਪਤ ਅਤੇ ਫ਼ਰੀਦਾਬਾਦ ਵਿਚ ਰਹਿਣ ਵਾਲੀਆਂ ਔਰਤਾਂ ਜੋ ਕਿ ਦਿੱਲੀ ਵਿਚ ਕੰਮ-ਕਾਜ ਕਰਦੀਆਂ ਹਨ, ਨੂੰ ਫ਼ਿਲਹਾਲ ਇਹ ਸਹੂਲਤ ਨਹੀਂ ਮਿਲੇਗੀ ਪ੍ਰੰਤੂ ਵਿਚਾਰ ਕੀਤਾ ਜਾ ਸਕਦਾ ਹੈ | ਇਹ ਕਾਰਡ ਡੀ.ਟੀ.ਸੀ. ਅਤੇ ਕਲਸਟਰ ਬੱਸਾਂ ਵਿਚ ਚੱਲੇਗਾ |
ਪਿਛਲੀ ਖ਼ਬਰ ਕਾਹਲੋਂ ਦੀ ਅਗਵਾਈ 'ਚ 'ਕੋਸ਼ਿਸ਼-ਏ-ਅਮਨ' ਦਾ ਵਫ਼ਦ ਇਰਾਨ ਦੇ ਰਾਜਦੂਤ ਡਾ. ਫਤਹਾਲੀ ਨੂੰ ਮਿਲਿਆ ਰਾਜਦੂਤ ਨੇ 'ਕੋਸ਼ਿਸ਼... ਅਗਲੀ ਖ਼ਬਰ ਦਿੱਲੀ 'ਚ ਲੋਕ ਫਰਜ਼ੀ ਕਾਲਾਂ ਤੇ ਮੋਬਾਈਲ ਸੰਦੇਸ਼ਾਂ ਦਾ ਹੋ ਰਹੇ ਨੇ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।