ਯਮੁਨਾਨਗਰ, 21 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਸਰਸਵਤੀ ਮਹਾਂਉਤਸਵ 2026 ਮੌਕੇ ਕਾਮਰਸ ਐਸੋਸੀਏਸ਼ਨ (ਕਾਮਰਸ ਵਿਭਾਗ) ਵਲੋਂ ਇਕ ਸ਼ਾਨਦਾਰ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਕਾਲਜ ਦੇ ਸਾਰੇ ਵਿਭਾਗਾਂ ਕਾਮਰਸ, ਸਾਇੰਸ ਅਤੇ ਆਰਟਸ ਦੇ ਕੁੱਲ 70 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਨਿਲ ਧਵਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਗਿਆਨ, ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਹੁਨਰ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੁਕਾਬਲੇ ਦਾ ਸਫਲ ਸੰਚਾਲਨ ਅਤੇ ਤਾਲਮੇਲ ਡਾ. ਮਨੋਹਰ ਗੋਇਲ, ਵਣਜ ਵਿਭਾਗ ਦੇ ਮੁਖੀ ਤੇ ਡਾ. ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹੋਇਆ | ਮੁਕਾਬਲੇ ਤੋਂ ਬਾਅਦ ਕਰਨ ਭਾਰਤੀ ਨੇ ਅੰਤਿਮ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਤ 'ਚ ਜੇਤੂਆਂ ਨੂੰ ਕਾਲਜ ਦੇ ਪਿ੍ੰਸੀਪਲ ਡਾ. ਅਨਿਲ ਧਵਨ ਅਤੇ ਵਿਭਾਗ ਮੁਖੀ ਡਾ. ਮਨੋਹਰ ਗੋਇਲ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਮਰਸ ਵਿਭਾਗ ਦੇ ਪ੍ਰੋ. ਪ੍ਰਵੀਨ ਖੁਰਾਣਾ ਨੇ ਪ੍ਰੋਗਰਾਮ 'ਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਵਿਦਿਅਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਬੌਧਿਕ ਯੋਗਤਾ ਅਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |