ਐਡੀਲੇਡ, 2 ਜੂਨ (ਗੁਰਮੀਤ ਸਿੰਘ ਵਾਲੀਆ)ਆਸਟ੍ਰੇਲੀਆ ਦੇ ਰਿਹਾਇਸ਼ੀ ਬਾਜ਼ਾਰ ਵਿੱਚ ਸੰਭਾਵੀ ਮੰਦੀ ਦੇ ਮੱਦੇਨਜ਼ਰ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਾਲ ਹੀ ਵਿੱਚ ਘਰ ਖਰੀਦਣ ਵਾਲੇ ਹਜ਼ਾਰਾਂ ਲੋਕ ਨਕਾਰਾਤਮਕ ਇਕੁਇਟੀ ਦੇ ਖ਼ਤਰੇ ਦਾ ਸਾਹਮਣਾ ਕਰ ਸਕਦੇ ਹਨ। ਨਕਾਰਾਤਮਕ ਇਕੁਇਟੀ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਘਰ ਦੀ ਮੌਜੂਦਾ ਕੀਮਤ ਉਸ ਉੱਤੇ ਬਕਾਇਆ ਬੈਂਕ ਕਰਜ਼ੇ ਤੋਂ ਘੱਟ ਹੋ ਜਾਵੇ।ਮਾਹਰਾਂ ਅਨੁਸਾਰ 5 ਫੀਸਦੀ ਜਮ੍ਹਾਂ ਰਕਮ ਵਾਲੀ ਸਰਕਾਰੀ ਯੋਜਨਾ ਤਹਿਤ ਘਰ ਖਰੀਦਣ ਵਾਲੇ ਸਭ ਤੋਂ ਵੱਧ ਜੋਖ਼ਮ ਵਿੱਚ ਹਨ। 2020 ਤੋਂ ਹੁਣ ਤੱਕ ਲਗਭਗ ਤਿੰਨ ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ।ਜਾਇਦਾਦ ਬਾਜ਼ਾਰ ਵਿਸ਼ਲੇਸ਼ਕ ਟੌਮ ਪੈਨੋਸ ਨੇ ਕਿਹਾ ਕਿ ਜੇਕਰ ਘਰਾਂ ਦੀਆਂ ਕੀਮਤਾਂ ਵਿੱਚ 10 ਫੀਸਦੀ ਤੱਕ ਗਿਰਾਵਟ ਆਉਂਦੀ ਹੈ ਤਾਂ ਕਈ ਨਵੇਂ ਖਰੀਦਦਾਰ ਨਕਾਰਾਤਮਕ ਇਕੁਇਟੀ ਵਿੱਚ ਫਸ ਸਕਦੇ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਇੱਕ ਮਿਲੀਅਨ ਡਾਲਰ ਦਾ ਘਰ 95 ਫੀਸਦੀ ਕਰਜ਼ੇ ਨਾਲ ਖਰੀਦਣ ਵਾਲਾ ਵਿਅਕਤੀ, ਜੇ ਘਰ ਦੀ ਕੀਮਤ 9 ਲੱਖ ਡਾਲਰ ਰਹਿ ਜਾਵੇ, ਤਾਂ ਉਹ ਬੈਂਕ ਦੇ ਕਰਜ਼ੇ ਨਾਲੋਂ ਘੱਟ ਮੁੱਲ ਦੀ ਜਾਇਦਾਦ ਦਾ ਮਾਲਕ ਰਹਿ ਜਾਂਦਾ ਹੈ।ਨਿੱਜੀ ਵਿੱਤ ਮਾਹਰ ਬੈਟਸੀ ਵੈਸਟਕਾਟ ਨੇ ਕਿਹਾ ਕਿ ਅਕਤੂਬਰ ਤੋਂ ਫਰਵਰੀ ਦਰਮਿਆਨ ਘਰ ਖਰੀਦਣ ਵਾਲੇ ਕਰੀਬ 22,900 ਪਹਿਲੇ ਘਰ ਖਰੀਦਦਾਰ ਅਸਲ ਖ਼ਤਰੇ ਵਾਲੇ ਖੇਤਰ ਵਿੱਚ ਹਨ। ਉਨ੍ਹਾਂ ਇਸ ਸਥਿਤੀ ਨੂੰ ਮੌਰਗੇਜ ਜੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਮਾਲਕ ਜਾਂ ਤਾਂ ਨੁਕਸਾਨ ਵਿੱਚ ਘਰ ਵੇਚਣ ਲਈ ਮਜਬੂਰ ਹੋ ਸਕਦੇ ਹਨ ਜਾਂ ਫਿਰ ਕਰਜ਼ੇ ਦਾ ਭਾਰ ਝੱਲਦੇ ਰਹਿਣਗੇ।ਮਾਹਰਾਂ ਮੁਤਾਬਕ ਵਧਦੀਆਂ ਵਿਆਜ ਦਰਾਂ, ਵਿਸ਼ਵ ਪੱਧਰੀ ਅਣਿਸ਼ਚਿਤਤਾ ਅਤੇ ਘੱਟ ਰਹੀ ਉਧਾਰ ਸਮਰੱਥਾ ਬਾਜ਼ਾਰ ਉੱਤੇ ਦਬਾਅ ਵਧਾ ਰਹੇ ਹਨ। ਹਾਲਾਂਕਿ ਸੰਘੀ ਖਜ਼ਾਨਚੀ ਜਿਮ ਚੈਲਮਰਜ਼ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਕੁਝ ਸੁਧਾਰ ਰਿਹਾਇਸ਼ ਨੂੰ ਨੌਜਵਾਨਾਂ ਲਈ ਵਧੇਰੇ ਕਿਫਾਇਤੀ ਬਣਾ ਸਕਦਾ ਹੈ।ਟੌਮ ਪੈਨੋਸ ਨੇ ਸੰਭਾਵੀ ਖਰੀਦਦਾਰਾਂ ਨੂੰ ਛੋਟੇ ਸਮੇਂ ਦੀ ਬਜਾਏ ਲੰਬੇ ਸਮੇਂ ਦੀ ਸੋਚ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਤਿੰਨ ਤੋਂ ਦਸ ਸਾਲਾਂ ਦੇ ਨਜ਼ਰੀਏ ਨਾਲ ਖਰੀਦੀ ਗਈ ਜਾਇਦਾਦ ਆਮ ਤੌਰ ‘ਤੇ ਮੁੜ ਮੁੱਲ ਪ੍ਰਾਪਤ ਕਰ ਲੈਂਦੀ ਹੈ, ਭਾਵੇਂ ਅਸਥਾਈ ਤੌਰ ‘ਤੇ ਕੀਮਤਾਂ ਵਿੱਚ ਗਿਰਾਵਟ ਕਿਉਂ ਨਾ ਆਵੇ।