ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਦੀ ਦੁਰਵਰਤੋਂ ਕਰਕੇ ਕਤਲ ਕਰਨ ਵਾਲੇ ਸਿੱਖ ਨੌਜਵਾਨ ਵਿਕਰਮ ਦਿਗਵਾ ਦੇ ਪਰਿਵਾਰ ਨੇ ਪੀੜਤ ਪਰਿਵਾਰ ਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਹੈ। ਦਿਗਵਾ ਪਰਿਵਾਰ ਨੇ ਹੈਨਰੀ ਨੋਵਾਕ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨੋਵਾਕ ਪਰਿਵਾਰ ਨੂੰ ਮਿਲੇ ਇਸ ਅਸਹਿ ਦੁੱਖ ਤੇ ਪੀੜ ਲਈ ਦਿਲੋਂ ਮੁਆਫ਼ੀ ਮੰਗਦੇ ਹਨ ਤੇ ਕਾਸ਼ ਉਹ ਸਮਾਂ ਪਿੱਛੇ ਮੋੜ ਸਕਦੇ ਤਾਂ ਜੋ ਦੋਵੇਂ ਕਦੇ ਆਹਮੋ-ਸਾਹਮਣੇ ਨਾ ਹੁੰਦੇ। ਪਰਿਵਾਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਵਿਕਰਮ ਨੂੰ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ, ਪਰ ਇਹ ਪਿਆਰ ਨੋਵਾਕ ਪਰਿਵਾਰ ਲਈ ਉਨ੍ਹਾਂ ਦੇ ਮਨ ‘ਚ ਮੌਜੂਦ ਅਫ਼ਸੋਸ ਅਤੇ ਹਮਦਰਦੀ ਦੇ ਵਿਰੋਧ ਵਜੋਂ ਨਹੀਂ ਹੈ। ਦਿਗਵਾ ਪਰਿਵਾਰ ਨੇ ਸਿੱਖ ਕੌਮ ਤੋਂ ਵੀ ਵਿਸ਼ੇਸ਼ ਤੌਰ ‘ਤੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਹਰਕਤ ਕਾਰਨ ਪੂਰੀ ਸਿੱਖ ਕੌਮ ਦਾ ਨਾਮ ਬਿਨਾਂ ਵਜ੍ਹਾ ਬਦਨਾਮ ਹੋਇਆ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਖਾਂਤ ਦੀ ਵਰਤੋਂ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਜਾਂ ਵੰਡੀਆਂ ਪਾਉਣ ਲਈ ਨਾ ਕੀਤੀ ਜਾਵੇ।