27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗਰੂਮਿੰਗ ਗੈਂਗਜ਼ ਕਾਂਡ ਦੀ ਰਾਸ਼ਟਰੀ ਜਾਂਚ 'ਚ ਜਾਤੀ ਅਤੇ ਧਰਮ ਦੀ ਵੀ ਪੜਤਾਲ ਹੋਵੇਗੀ

ਅਜੀਤ ਡੈਸਕ 01-04-2026
ਲੈਸਟਰ (ਇੰਗਲੈਂਡ), 31 ਮਾਰਚ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਚਰਚਿਤ ਗਰੂਮਿੰਗ ਗੈਂਗਜ਼ ਕਾਂਡ ਦੀ ਰਾਸ਼ਟਰੀ ਜਾਂਚ ਦੇ ਦਾਇਰੇ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ | ਸਰਕਾਰ ਵਲੋਂ ਐਲਾਨ ਕੀਤੀ ਗਈ ਇਸ ਸੁਤੰਤਰ ਜਾਂਚ ਵਿਚ ਹੁਣ ਇਹ ਵੀ ਜਾਂਚਿਆ ਜਾਵੇਗਾ ਕਿ ਕੀ ਦੋਸ਼ੀਆਂ ਦੀ ਜਾਤੀ, ਸੱਭਿਆਚਾਰ ਜਾਂ ਧਰਮ ਨੇ ਇਸ ਘਟਨਾ ਅਤੇ ਉਸ ਦੇ ਪ੍ਰਬੰਧਨ ਵਿਚ ਕੋਈ ਭੂਮਿਕਾ ਨਿਭਾਈ ਸੀ ਜਾਂ ਨਹੀਂ | ਇਹ ਰਾਸ਼ਟਰੀ ਜਾਂਚ ਪਿਛਲੇ ਸਾਲ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਐਲਾਨੀ ਗਈ ਸੀ | ਹੁਣ ਇਸ ਦੀਆਂ ਵਿਸਥਾਰਿਤ ਸ਼ਰਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਦਸਤਾਵੇਜ਼ ਸੰਸਦ ਵਿਚ 13 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ | ਇਸ ਤੋਂ ਬਾਅਦ ਇੰਗਲੈਂਡ ਅਤੇ ਵੇਲਜ਼ ਵਿੱਚ ਬੱਚਿਆਂ ਦੇ ਸਮੂਹਕ ਯੌਨ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਦੀ ਪੂਰੀ ਜਾਂਚ ਸ਼ੁਰੂ ਹੋ ਜਾਵੇਗੀ | ਇਹ ਜਾਂਚ ਬੈਰੋਨੇਸ ਕੇਸੀ ਦੀ ਰਾਸ਼ਟਰੀ ਆਡਿਟ ਰਿਪੋਰਟ ਤੋਂ ਬਾਅਦ ਬਣਾਈ ਗਈ ਹੈ, ਜਿਸ ਵਿਚ ਦਰਸਾਇਆ ਗਿਆ ਸੀ ਕਿ ਸੰਸਥਾਗਤ ਨਾਕਾਮੀਆਂ ਅਤੇ ਪ੍ਰਸ਼ਾਸਨਿਕ ਸੁਸਤਤਾ ਕਾਰਨ ਕਈ ਸਾਲਾਂ ਤੱਕ ਗਰੂਮਿੰਗ ਗੈਂਗਜ਼ ਸਰਗਰਮ ਰਹੇ | ਜਾਂਚ ਇਹ ਵੀ ਵੇਖੇਗੀ ਕਿ ਗਰੂਮਿੰਗ ਗੈਂਗਜ਼ ਕਿਵੇਂ ਕੰਮ ਕਰਦੇ ਸਨ ਅਤੇ ਪੁਲਿਸ, ਸਥਾਨਕ ਕੌਂਸਲਾਂ, ਸਿਹਤ ਸੇਵਾਵਾਂ, ਸਮਾਜਿਕ ਸੇਵਾਵਾਂ ਅਤੇ ਸਕੂਲਾਂ ਨੇ ਇਨ੍ਹਾਂ ਮਾਮਲਿਆਂ ਨਾਲ ਕਿਵੇਂ ਨਜਿੱਠਿਆ | ਇਸ ਜਾਂਚ ਨੂੰ ਕਾਨੂੰਨੀ ਅਧਿਕਾਰ ਦਿੱਤੇ ਗਏ ਹਨ ਜਿਸ ਤਹਿਤ ਗਵਾਹਾਂ ਨੂੰ ਬੁਲਾਇਆ ਜਾ ਸਕੇਗਾ ਅਤੇ ਸੰਸਥਾਵਾਂ ਤੋਂ ਦਸਤਾਵੇਜ਼ ਮੰਗੇ ਜਾ ਸਕਣਗੇ | ਜੇ ਕਿਸੇ ਪੇਸ਼ੇਵਰ ਵਲੋਂ ਅਪਰਾਧਿਕ ਲਾਪਰਵਾਹੀ ਜਾਂ ਗਲਤ ਕੰਮ ਦੇ ਸਬੂਤ ਮਿਲਦੇ ਹਨ ਤਾਂ ਉਹ ਮਾਮਲੇ ਆਪਰੇਸ਼ਨ ਬੀਕਨਪੋਰਟ ਨੂੰ ਭੇਜੇ ਜਾਣਗੇ, ਜੋ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਇਕ ਰਾਸ਼ਟਰੀ ਪੁਲਿਸ ਅਭਿਆਨ ਹੈ ਅਤੇ ਸੈਂਕੜਿਆਂ ਬੰਦ ਕੀਤੇ ਕੇਸਾਂ ਦੀ ਦੁਬਾਰਾ ਜਾਂਚ ਕਰ ਰਿਹਾ ਹੈ | ਇਸ ਜਾਂਚ ਦੀ ਅਗਵਾਈ ਸਾਬਕਾ ਚਿਲਡਰਨਜ਼ ਕਮਿਸ਼ਨਰ ਬੈਰੋਨੇਸ ਲੌਂਗਫੀਲਡ ਕਰਨਗੀਆਂ | ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਹੋਏ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਕਈ ਵਾਰ ਪੀੜਤਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਕਈ ਵਾਰ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ | ਉਨ੍ਹਾਂ ਕਿਹਾ ਕਿ ਇਹ ਜਾਂਚ ਸੱਚਾਈ ਸਾਹਮਣੇ ਲਿਆਉਣ ਲਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਅਸੁਵਿਧਾਜਨਕ ਸੱਚ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ | ਇਸ ਜਾਂਚ ਦੌਰਾਨ ਕਈ ਥਾਵਾਂ 'ਤੇ ਸਥਾਨਕ ਪੱਧਰ 'ਤੇ ਵੀ ਖਾਸ ਪੜਤਾਲ ਕੀਤੀ ਜਾਵੇਗੀ, ਜਿੱਥੇ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਜੁੜੀਆਂ ਗੰਭੀਰ ਨਾਕਾਮੀਆਂ ਸਾਹਮਣੇ ਆਈਆਂ ਹਨ | ਇਨ੍ਹਾਂ ਵਿਚ ਓਲਡਹਮ ਉਨ੍ਹਾਂ ਪਹਿਲੀਆਂ ਥਾਵਾਂ ਵਿਚ ਸ਼ਾਮਿਲ ਹੈ, ਜਿਥੇ ਸਥਾਨਕ ਜਾਂਚ ਕੀਤੀ ਜਾਵੇਗੀ | ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਕਿਹਾ ਕਿ ਗਰੂਮਿੰਗ ਗੈਂਗਜ਼ ਕਾਂਡ ਦੇਸ਼ ਦੇ ਇਤਿਹਾਸ ਦੇ ਸਭ ਤੋਂ ਹਨੇਰੇ ਅਧਿਆਇਆਂ ਵਿੱਚੋਂ ਇੱਕ ਹੈ | ਉਨ੍ਹਾਂ ਕਿਹਾ ਕਿ ਇਹ ਜਾਂਚ ਇਹ ਪਤਾ ਲਗਾਏਗੀ ਕਿ ਇਹ ਜੁਰਮ ਕਿਵੇਂ ਹੋਣ ਦਿੱਤੇ ਗਏ ਅਤੇ ਜਿੱਥੇ ਵੀ ਨਾਕਾਮੀ ਹੋਈ ਹੈ, ਉਸ ਨੂੰ ਬੇਨਕਾਬ ਕੀਤਾ ਜਾਵੇਗਾ | ਇਸ ਰਾਸ਼ਟਰੀ ਜਾਂਚ ਦੀ ਮਿਆਦ ਤਿੰਨ ਸਾਲ ਤੱਕ ਹੋਵੇਗੀ ਅਤੇ ਇਹ ਮਾਰਚ 2029 ਤੱਕ ਪੂਰੀ ਹੋਣ ਦੀ ਸੰਭਾਵਨਾ ਹੈ | ਇਸ ਲਈ ਲਗਭਗ 65 ਮਿਲੀਅਨ ਪਾਊਾਡ ਦਾ ਬਜਟ ਰੱਖਿਆ ਗਿਆ ਹੈ ਅਤੇ ਸੁਣਵਾਈਆਂ ਜਨਤਕ ਤੌਰ 'ਤੇ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਜਾਵੇਗੀ |


ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ <br/> ਅਗਲੀ ਖ਼ਬਰ ਆਸਟ੍ਰੇਲੀਆ 'ਚ ਜਨਮੇ ਵਿਲੀਅਮਜ਼ ਨੇ ਭਾਰਤ ਲਈ ਆਪਣੇ ਪਹਿਲੇ ਮੈਚ 'ਚ ਕੀਤਾ ਗੋਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।