ਕੋਚੀ, 31 ਮਾਰਚ (ਪੀ. ਟੀ. ਆਈ.)-ਆਸਟ੍ਰੇਲੀਆ 'ਚ ਜਨਮੇ ਰਿਆਨ ਵਿਲੀਅਮਜ਼ ਨੇ ਭਾਰਤ ਲਈ ਆਪਣੇ ਪਹਿਲੇ ਮੈਚ ਨੂੰ ਯਾਦਗਾਰ ਬਣਾ ਦਿੱਤਾ ਹੈ | ਉਸ ਨੇ ਮੰਗਲਵਾਰ ਨੂੰ ਇਥੇ ਖੇਡੇ ਗਏ ਏਸ਼ਿਆਈ ਕੱਪ ਕੁਆਲੀਫਾਇੰਗ ਦੌਰ ਦੇ ਮੈਚ ਦੇ ਚੌਥੇ ਮਿੰਟ 'ਚ ਗੋਲ ਕਰਕੇ ਮੇਜ਼ਬਾਨ ਟੀਮ ਨੂੰ ਹਾਂਗਕਾਂਗ 'ਤੇ 2-1 ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ | ਭਾਰਤ ਲਈ ਦੂਜਾ ਗੋਲ 50ਵੇਂ ਮਿੰਟ 'ਚ ਆਕਾਸ਼ ਮਿਸ਼ਰਾ ਨੇ ਕੀਤਾ | ਇਹ ਉਸ ਦਾ ਪਹਿਲਾ ਅੰਤਰਰਾਸ਼ਟਰੀ ਗੋਲ ਵੀ ਸੀ | ਇਸ ਗੋਲ ਦੀ ਮਦਦ ਨਾਲ ਖਾਲਿਦ ਜਮੀਲ ਦੀ ਕੋਚਿੰਗ ਵਾਲੀ ਟੀਮ ਨੇ ਕੁਆਲੀਫਾਇਰ ਦੇ ਤੀਜੇ ਦੌਰ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ | ਹਾਂਗਕਾਂਗ ਵਲੋਂ 65ਵੇਂ ਮਿੰਟ 'ਚ ਅਵਰਟਨ ਕੈਮਾਰਗੋ ਨੇ ਇਕਲੌਤਾ ਗੋਲ ਕੀਤਾ | ਇਸ ਮਹਾਂਦੀਪੀ ਟੂਰਨਾਮੈਂਟ 'ਚ ਜਗ੍ਹਾ ਬਣਾਉਣ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਭਾਰਤੀ ਟੀਮ ਨੇ ਆਪਣੀ ਮੁਹਿੰਮ ਦੀ ਸਮਾਪਤੀ 5 ਅੰਕਾਂ ਦੇ ਨਾਲ ਕੀਤੀ | ਟੀਮ ਨੇ ਇਕ ਮੈਚ ਜਿੱਤਿਆ, ਜਦੋਂਕਿ 2 ਡਰਾਅ ਖੇਡੇ, ਜਿਸ ਤੋਂ ਬਾਅਦ ਉਹ ਗਰੁੱਪ 'ਸੀ' ਵਿਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ |