ਟੋਰਾਂਟੋ, 31 ਮਾਰਚ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਕੈਨੇਡਾ ਓਾਟਾਰੀਓ ਇਕਾਈ ਵਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਇਕ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ, ਜਿਥੇ ਕਿ ਮੁੱਖ ਬੁਲਾਰੇ ਵਜੋਂ ਡਾ. ਹਰਦੀਪ ਸਿੰਘ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਦੇ ਪਿਛੋਕੜ, ਬਚਪਨ, ਜਵਾਨੀ ਅਤੇ ਦੇਸ਼ ਦੀ ਆਜ਼ਾਦੀ ਵਿਚ ਦਿੱਤੀਆਂ ਕੁਰਬਾਨੀਆਂ ਦੀ ਦਾਸਤਾਨ ਨੂੰ ਬੜੇ ਸੁਚੱਜੇ ਢੰਗ ਨਾਲ ਰੂਪਮਾਨ ਕਰਕੇ ਹਾਜ਼ਰੀਨ ਦੇ ਰੂਬਰੂ ਪੇਸ਼ ਕੀਤਾ | ਡਾ. ਹਰਦੀਪ ਸਿੰਘ ਵਲੋਂ ਸ਼ਹੀਦ ਸੁਖਦੇਵ ਅਤੇ ਰਾਜਗੁਰੂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸ਼ਹੀਦ ਭਗਤ ਸਿੰਘ ਬਾਰੇ ਡਾਕੂਮੈਂਟਰੀ ਵੀ ਦਿਖਾਈ ਗਈ ਅਤੇ ਲੋਕ ਗਾਇਕ ਬੌਬੀ ਪੰਧੇਰ ਵਲੋਂ ਆਪਣੀ ਬੁਲੰਦ ਆਵਾਜ਼ ਵਿਚ 'ਸਰਦਾਰ ਭਗਤ ਸਿੰਘ ਤੋਂ ਫਾਂਸੀ ਵੀ ਥਰ-ਥਰ ਕੰਬਦੀ' ਗਾ ਕੇ ਹਾਜ਼ਰੀ ਲੁਆਈ ਗਈ | ਇਸ ਮੌਕੇ ਬਲਦੇਵ ਸਿੰਘ ਰਹਿਪਾ, ਅਮਿ੍ਤ ਢਿੱਲੋਂ, ਬਲਰਾਜ ਸ਼ੌਕਰ, ਹਰਬੰਸ ਸਿੰਘ ਮੱਲ੍ਹੀ, ਹਰਮੇਸ਼ ਜੀਦੋਵਾਲ, ਜਸਵੀਰ ਚਾਹਲ, ਅਮਰਦੀਪ ਸਿੰਘ ਚੇਤਨਾਂ ਸਿੰਘ ਮੰਡੇਰ ਆਦਿ ਨੇ ਵੀ ਆਪੋ-ਆਪਣੇ ਵਿਚਾਰਾਂ ਨਾਲ ਹਾਜ਼ਰੀ ਲੁਆਈ |