ਸਿਆਟਲ, 31 ਮਾਰਚ (ਹਰਮਨਪ੍ਰੀਤ ਸਿੰਘ)-ਨਿਊਯਾਰਕ ਦੇ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਗੁਰੂ ਘਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ | ਉਪਰੰਤ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕਾਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ | ਪ੍ਰਸਿੱਧ ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ | ਪ੍ਰਸਿੱਧ ਰਾਗੀ ਭਾਈ ਕੁਲਦੀਪ ਸਿੰਘ ਯੂ.ਕੇ. ਵਾਲੇ, ਭਾਈ ਮਹਾਵੀਰ ਸਿੰਘ, ਭਾਈ ਸਤਵਿੰਦਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਰੂਪ ਸਿੰਘ, ਭਾਈ ਸਰਬਜੀਤ ਸਿੰਘ ਤੇ ਬਾਬਾ ਬ੍ਰਹਮ ਦਾਸ ਦੇ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਪ੍ਰਸਿੱਧ ਢਾਡੀ ਭਾਈ ਕਿਰਪਾਲ ਸਿੰਘ ਤਲਵਾੜੇ ਵਾਲਿਆਂ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਵਿਸ਼ੇਸ਼ ਸਮਾਗਮ ਵਿਚ ਭਾਰਤੀ ਸਫ਼ਾਰਤਖਾਨੇ ਦੇ ਕੌਂਸਲ ਜਨਰਲ ਬਿਨਾਏ ਪ੍ਰਧਾਨ ਨੇ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਾਰਤੀ ਸਫ਼ਾਰਤਖਾਨੇ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਪੁਲਿਸ ਚੀਫ਼ ਲੂਈਸ ਮਾਰਟਿਨ ਨੇ ਵੀ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ | ਨਿਊਯਾਰਕ ਸਿਟੀ ਮੇਅਰ ਦਫ਼ਤਰ ਤੋਂ ਕਮਿਊਨਿਟੀ ਆਫੇਅਰ ਵਰਕਰ ਜਗਪ੍ਰੀਤ ਸਿੰਘ ਨੇ ਸਿਟੀ ਮੇਅਰ ਦਾ ਸੰਦੇਸ਼ ਪੜ੍ਹ ਕੇ ਸੁਣਾਇਆ | ਗੁਰੂ ਘਰ ਕਮੇਟੀ ਦੇ ਪ੍ਰਧਾਨ ਗੁਰਦਿਆਲ ਵਿਰਕ ਨੇ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਗੁਰੂ ਘਰ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤੇ ਗਏ | ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਸਕੱਤਰ ਤੇ ਪ੍ਰਸਿੱਧ ਲੇਖਕ ਤੇ ਗੀਤਕਾਰ ਬਲਵਿੰਦਰ ਭੌਰਾ ਨਿਊਯਾਰਕ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ | ਸਮਾਗਮ 'ਚ ਹਜ਼ਾਰਾਂ ਸੰਗਤਾਂ ਸਮੇਤ ਨਿਊਯਾਰਕ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਵਿਚ ਪ੍ਰਸਿੱਧ ਕਾਰੋਬਾਰੀ ਪਿੰਦਰਪਾਲ ਮੇਹਟਾ, ਹਰਮੇਸ਼ ਭਾਰ ਸਿੰਘ, ਇਕਬਾਲ ਸਿੰਘ ਜੱਬੋਵਾਲ, ਦਰਸ਼ਨ ਸਿੰਘ, ਬਾਬਾ ਬ੍ਰਹਮ ਦਾਸ, ਸ਼ਿਵਾਗ ਕੁਮਾਰ, ਪਰਮਜੀਤ ਸੀਤਾ ਫਿਲੋਰ ਜਨਰਲ ਸਕੱਤਰ, ਚੇਅਰਮੈਨ ਚਰਨਜੀਤ ਸਿੰਘ ਝੱਲੀ ਆਦਿ ਹਾਜ਼ਰ ਸਨ |