ਸੈਕਰਾਮੈਂਟੋ, 25 ਮਾਰਚ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਸਟੇਟ ਸੈਨੇਟਰ ਸਾਸ਼ਾ ਰੇਨੀ ਪਰੇਜ਼ (25ਵਾਂ ਜ਼ਿਲ੍ਹਾ) ਨੇ ਦੱਖਣੀ ਏਸ਼ੀਅਨ ਨੈੱਟਵਰਕ ਦੇ ਸਹਿਯੋਗ ਨਾਲ ਨਜ਼ਰਬੰਦੀ ਸੁਧਾਰਾਂ ਸਬੰਧੀ ਸੈਨੇਟ ਬਿੱਲ 995 ਪੇਸ਼ ਕੀਤਾ ਹੈ ਜਿਸ ਨੂੰ ਮਾਸੂਮਾ ਖਾਨ ਜਸਟਿਸ ਐਕਟ ਦੇ ਨਾਂਅ ਨਾਲ ਜਾਣਿਆ ਜਾਵੇਗਾ | ਬਿੱਲ ਦਾ ਨਾਂਅ ਐਲਟਡੇਨਾ, ਕੈਲੀਫੋਰਨੀਆ ਵਾਸੀ 64 ਸਾਲਾ ਮਾਸੂਮਾ ਖਾਨ ਦੇ ਨਾਂਅ ਤੇ ਰੱਖਿਆ ਗਿਆ ਹੈ, ਜਿਸ ਨੂੰ ਇਮੀਗ੍ਰੇਸ਼ਨ ਦੀ ਰੂਟੀਨ ਜਾਂਚ ਪੜਤਾਲ ਦÏਰਾਨ ਹਿਰਾਸਤ 'ਚ ਲੈ ਲਿਆ ਗਿਆ ਸੀ ਤੇ ਇਕ ਮਹੀਨੇ ਤੋਂ ਵਧ ਸਮਾਂ ਪ੍ਰਾਈਵੇਟ ਕੈਲੀਫੋਰਨੀਆ ਸਿਟੀ ਡੀਟੈਨਸ਼ਨ ਫੈਸਿਲਟੀ ਵਿਚ ਰੱਖਿਆ ਗਿਆ ਸੀ | ਦੱਖਣ ਏਸ਼ੀਅਨ ਨੈੱਟਵਰਕ ਨੇ ਜਨਤਕ ਵਕੀਲ ਦੀ ਮਦਦ ਨਾਲ ਕੇਸ ਲੜਿਆ ਤੇ ਉਸ ਨੂੰ ਰਿਹਾਅ ਕਰਵਾਇਆ ਸੀ | ਖਾਨ ਨੂੰ ਬਹੁਤ ਹੀ ਮਾੜੇ ਹਾਲਾਤ 'ਚ ਕੈਦ 'ਚ ਰੱਖਿਆ ਗਿਆ ਸੀ ਜਿੱਥੇ ਉਸ ਨੂੰ ਘਟੀਆ ਖਾਣਾ ਮਿਲਦਾ ਸੀ, ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ ਸੀ ਤੇ ਲੋੜ ਪੈਣ 'ਤੇ ਦਵਾਈ ਨਹੀਂ ਮਿਲਦੀ ਸੀ | ਖਾਨ ਨੇ ਆਪਣੀ ਕੈਦ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਸ ਨੇ ਖ਼ੌਫ਼ਨਾਕ ਹਾਲਾਤ ਵੇਖ ਹਨ ਤੇ ਉਹ ਨਹੀਂ ਚਾਹੰੁਦੀ ਕਿ ਕਿਸੇ ਹੋਰ ਨੂੰ ਇਹ ਤਜਰਬਾ ਹੋਵੇ |