ਮੁੰਬਈ, 25 ਮਾਰਚ (ਪੀ.ਟੀ.ਆਈ.)-ਮੁੰਬਈ ਦੇ ਇਕ ਸਿੱਖ ਸੰਗਠਨ ਨੇ ਬਾਲੀਵੁੱਡ ਬਲਾਕਬਸਟਰ ਫਿਲਮ 'ਧੁਰੰਧਰ: ਦਿ ਰਿਵੈਂਜ' ਨੂੰ ਲੈ ਕੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ | ਸੰਗਠਨ ਦਾ ਦੋਸ਼ ਹੈ ਕਿ ਫਿਲਮ ਦੇ ਇਕ ਪੋਸਟਰ ਨੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਇਹ ਸ਼ਿਕਾਇਤ 'ਮਹਾਰਾਸ਼ਟਰ ਵਿਚ ਸਿੱਖ' ਨਾਮਕ ਇਕ ਸੰਗਠਨ ਵਲੋਂ ਦਾਇਰ ਕੀਤੀ ਗਈ | ਸ਼ਿਕਾਇਤ ਦੇ ਅਨੁਸਾਰ ਫਿਲਮ ਦੇ ਪੋਸਟਰ 'ਚ ਅਦਾਕਾਰ ਰਣਵੀਰ ਸਿੰਘ ਨੂੰ ਦਸਤਾਰ, ਲੰਬੀ ਦਾੜ੍ਹੀ ਤੇ ਕੜਾ ਪਹਿਨੇ ਹੋਏ ਸਿਗਰਟ ਫੜੇ ਦਿਖਾਈ ਦਿੱਤੇ | ਪੁਲਿਸ ਨੇ ਕਿਹਾ ਕਿ ਇਸ ਸੰਬੰਧੀ ਮਾਮਲੇ ਦੀ ਜਾਂਚ ਜਾਰੀ ਹੈ | ਇਸ ਪੋਸਟਰ ਦੇ ਵਾਇਰਲ ਹੋਣ ਤੋਂ ਕੁੱਝ ਦੇਰ ਬਾਅਦ ਹੀ ਇਹ ਧਿਆਨ 'ਚ ਆਇਆ ਕਿ ਇਹ ਇਕ ਏ.ਆਈ. ਤੋਂ ਤਿਆਰ ਕੀਤਾ ਗਿਆ ਪੋਸਟਰ ਹੈ, ਜੋ ਕਿ ਕਿਸੇ ਫੈਨ ਵਲੋਂ ਹੀ ਤਿਆਰ ਕੀਤਾ ਗਿਆ | ਇਸ 'ਚ ਦਰਸਾਇਆ ਗਿਆ ਗੀਤ 'ਪਰਲੈਅ' ਵੀ ਇਸ ਫ਼ਿਲਮ 'ਚ ਨਹੀਂ ਹੈ, ਇਸ ਲਈ ਇਸ ਦਾ ਫ਼ਿਲਮ ਨਾਲ ਕੋਈ ਸੰਬੰਧ ਨਹੀਂ ਹੈ |