ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਸਿੱਖਾਂ ਦੀ ਅਵਾਜ਼ ਦਬਾਉਣ ਲਈ ਗੁਰਪ੍ਰੀਤ ਸਿੰਘ ਰੀਹਲ ਦੇ ਖ਼ਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਯੂ.ਕੇ. ਦੇ 605 ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ | ਜਿਹਨਾਂ ਰਾਹੀਂ ਸਿੱਖ ਉਦਯੋਗਪਤੀ ਤੇ ਇਕ ਖੋਜ਼ ਅਧਾਰਤ ਸੰਸਥਾ 'ਸੇਵਿੰਗ ਪੰਜਾਬ' ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਦੇ ਵਿਰੁੱਧ ਕੀਤੀ ਗਈ ਸਰਕਾਰੀ ਕਾਰਵਾਈ ਨੂੰ ਅਣਉਚਿੱਤ ਠਹਿਰਾਇਆ ਗਿਆ ਹੈ | ਗੁਰਪ੍ਰੀਤ ਸਿੰਘ ਨੂੰ ਯੂ.ਕੇ. ਦੇ ਕਿਸੇ ਵੀ ਕਾਨੂੰਨ ਅਧੀਨ ਕਦੇ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ | ਨਾ ਹੀ ਮੁਕੱਦਮਾ ਚਲਾਇਆ ਜਾਂ ਦੋਸ਼ੀ ਸਾਬਤ ਕੀਤਾ ਗਿਆ, ਫਿਰ ਵੀ ਉਸ ਨੂੰ ਦਹਿਸ਼ਤਗਰਦੀ ਫੰਡਿੰਗ ਨਾਲ ਜੋੜ ਕੇ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਗਈਆਂ | ਜਿਸ ਕਰਕੇ ਉਹ ਆਪਣੇ ਹੀ ਫੰਡਾਂ ਦੀ ਵਰਤੋਂ ਨਹੀਂ ਕਰ ਸਕਦਾ | ਬਰਤਾਨਵੀ ਸਿੱਖਾਂ ਖਾਸ ਤੌਰ 'ਤੇ ਅਜ਼ਾਦੀ ਲਈ ਸ਼ੰਘਰਸ਼ ਕਰ ਰਹੀਆਂ ਸਿੱਖ ਜੱਥੇਬੰਦੀਆਂ ਦਾ ਮੰਨਣਾ ਹੈ ਕਿ ਬਰਤਾਨੀਆ ਸਰਕਾਰ ਨੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਭਾਰਤ ਨਾਲ ਕੇਵਲ ਆਪਣੇ ਵਪਾਰਕ ਹਿੱਤਾਂ ਦੀ ਖਾਤਰ ਬਲੀ ਦਾ ਬੱਕਰਾ ਬਣਾਇਆ ਹੈ | ਉਹ ਸਿਰਫ ਪੰਜਾਬ ਦੀ ਤਰੱਕੀ ਚਾਹੁੰਦਾ ਸੀ | ਇਸ ਲਈ ਉਹ ਪੰਜਾਬ ਦੇ ਹਾਲਾਤ ਬਾਰੇ ਯੂ.ਐਨ.ਓ. ਵਿਚ ਜਾ ਕੇ ਬੋਲ ਚੁੱਕਿਆ ਸੀ, ਤੇ 'ਸੇਵਿੰਗ ਪੰਜਾਬ' ਸੰਸਥਾ ਰਾਹੀਂ ਕਈ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਪਾਸੋਂ ਪੰਜਾਬ ਦੀ ਆਰਥਿਕਤਾ, ਪਾਣੀਆਂ ਦੀ ਲੁੱਟ ਖਸੁੱਟ ਅਤੇ ਡਰੱਗ ਸਬੰਧੀ ਅਧਿਐਨ ਪੂਰਬਕ ਪਰਚੇ ਵੀ ਲਿਖਵਾਏ ਸਨ | ਸਿੱਖ ਆਗੂਆਂ ਮੁਤਾਬਿਕ ਉਸ ਦਾ ਮਕਸਦ ਕੇਵਲ ਪੰਜਾਬ ਦੇ ਵਾਤਾਵਰਣ ਤੇ ਨੌਜਵਾਨਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ | ਇਹਨਾਂ ਚਿੱਠੀਆਂ ਰਾਹੀਂ ਹਰ ਸੰਸਦ ਮੈਂਬਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਿਆ ਜਾਵੇ, ਤੇ ਨਿਆਂ ਦੀ ਪ੍ਰਕਿਰਿਆ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਜਾਵੇ | ਚਿੱਠੀਆਂ ਵਿੱਚ ਕਿਹਾ ਗਿਆ ਕਿ ਬਰਤਾਨੀਆ ਵਿੱਚ ਸਿੱਖਾਂ ਦੀ ਆਵਾਜ਼ ਨੂੰ ਚੁੱਪ ਕਰਾਉਣ ਦੇ ਖ਼ਿਲਾਫ਼ ਖੜ੍ਹੇ ਹੋਣ ਅਤੇ ਸਿੱਖਾਂ ਨਾਲ ਨਿਆਂ ਕੀਤਾ ਜਾਵੇ |