ਭਾਰਤੀ ਸੈਨਾ ਲਈ 2.12 ਲੱਖ ਕਰੋੜ ਰੁਪਏ ਦੇ ਰੱਖਿਆ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਰੱਖਿਆ ਮੰਤਰਾਲੇ ਦੀ ਫ਼ੌਜ ਲਈ ਖ਼ਰੀਦ ਕਰਨ ਵਾਲੀ ਅਥਾਰਟੀ ਰਾਸ਼ਟਰੀ ਰੱਖਿਆ ਖ਼ਰੀਦ ਪ੍ਰੀਸ਼ਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਵਾਨਗੀ ਦਿੱਤੀ ਗਈ ਹੈ | ਇਹ ਜਿੱਥੇ ਤਿੰਨੇ ਸੈਨਾਵਾਂ (ਜਲ, ਥਲ ਤੇ ਹਵਾਈ ਸੈਨਾ) ਦੀ ਮਜ਼ਬੂਤੀ ਲਈ ਵੱਡੀ ਭੂਮਿਕਾ ਨਿਭਾਵੇਗੀ, ਉੱਥੇ ਵਿਸ਼ਵ ਪੱਧਰ 'ਤੇ ਹੋ ਰਹੀਆਂ ਜੰਗਾਂ ਦੇ ਮਾਹੌਲ 'ਚ ਦੇਸ਼ ਦੀ ਪੁਖ਼ਤਾ ਸੁਰੱਖਿਆ ਲਈ ਅਹਿਮ ਸਾਬਿਤ ਹੋਵੇਗੀ | ਇਸ ਰੱਖਿਆ ਖ਼ਰੀਦ ਤਹਿਤ ਦੇਸ਼ ਦੀ ਥਲ ਸੈਨਾ ਲਈ ਅਜਿਹੇ ਸਾਜ਼ੋ-ਸਾਮਾਨ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਥਲ ਸੈਨਾ, ਹਵਾਈ ਸੈਨਾ ਦੀ ਮਦਦ ਵੀ ਕਰ ਸਕੇਗੀ | ਪਿਛਲੇ ਵਰ੍ਹੇ ਭਾਰਤੀ ਹਵਾਈ ਸੈਨਾ ਵਲੋਂ ਕੀਤੇ ਗਏ 'ਆਪ੍ਰੇਸ਼ਨ ਸੰਧੂਰ' ਦੌਰਾਨ ਥਲ ਸੈਨਾ ਦੀ ਵੀ ਵੱਡੀ ਭੂਮਿਕਾ ਸੀ | ਸੈਨਾ ਦੇ ਇਨ੍ਹਾਂ ਦੋਵੇਂ ਅੰਗਾਂ ਦੇ ਆਪਸੀ ਤਾਲਮੇਲ ਨੇ ਹੀ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ | ਇਸੇ ਕਾਰਨ ਇਹ ਮੰਨਿਆ ਜਾਣ ਲੱਗਾ ਹੈ ਕਿ ਮੌਜੂਦਾ ਦੌਰ ਦੀਆਂ ਜੰਗਾਂ 'ਚ ਸੈਨਾ ਦੇ ਸਾਰੇ ਅੰਗਾਂ 'ਚ ਤਾਲਮੇਲ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ | ਇਸੇ ਲਈ ਦੇਸ਼ 'ਚ ਸੈਨਾ ਦੇ ਤਿੰਨੇ ਅੰਗਾਂ 'ਚ ਆਪਸੀ ਤਾਲਮੇਲ ਲਈ ਚੀਫ਼ ਆਫ਼ ਆਰਮੀ ਸਟਾਫ਼ ਵਰਗੇ ਸਾਂਝੇ ਅਹੁਦੇ ਦੀ ਸਥਾਪਨਾ ਕੀਤੀ ਗਈ ਹੈ |
ਰੱਖਿਆ ਸਾਜ਼ੋ-ਸਾਮਾਨ ਦੀ ਇਸ ਮਨਜ਼ੂਰੀ ਤਹਿਤ ਥਲ ਸੈਨਾ ਲਈ ਵੱਡੀ ਭੂਮਿਕਾ ਵਾਲੇ ਹੈਲੀਕਾਪਟਰਾਂ ਦੀ ਵੱਡੇ ਪੱਧਰ 'ਤੇ ਖ਼ਰੀਦ ਕੀਤੀ ਜਾਵੇਗੀ | ਇਸ ਲਈ ਲੰਬੀ ਦੂਰੀ ਤੱਕ ਹਮਲਾ ਕਰਨ ਵਾਲੇ ਡਰੋਨ ਤੇ ਉਨ੍ਹਾਂ ਨੂੰ ਚਲਾਉਣ ਲਈ ਮਸ਼ੀਨਰੀ ਦੀ ਖ਼ਰੀਦ ਦਾ ਫ਼ੈਸਲਾ ਵੀ ਲਿਆ ਜਾਵੇਗਾ | ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਹੀਆਂ ਜੰਗਾਂ ਵਿਚ ਸਸਤੇ ਤੇ ਸਾਧਾਰਨ ਡਰੋਨਾਂ ਨੇ ਵਾਰ-ਵਾਰ ਆਪਣੀ ਅਹਿਮ ਭੂਮਿਕਾ ਸਾਬਤ ਕੀਤੀ ਹੈ | ਕਈ ਵਾਰ ਇਹ ਡਰੋਨ ਮਹਿੰਗੀਆਂ ਤੇ ਭਾਰੀ ਮਿਜ਼ਾਈਲਾਂ ਨਾਲੋਂ ਵੀ ਕਾਰਗਰ ਸਾਬਤ ਹੋਏ ਹਨ | ਸਿੱਟੇ ਵਜੋਂ ਦੁਨੀਆ ਦੇ ਜ਼ਿਆਦਾਤਰ ਵੱਡੇ ਦੇਸ਼ ਡਰੋਨਾਂ ਦੇ ਵਿਕਾਸ ਤੇ ਉਨ੍ਹਾਂ ਦੀ ਮਾਰ ਸਮਰੱਥਾ ਨੂੰ ਵਧਾਉਣ ਲਈ ਸਰਗਰਮੀ ਨਾਲ ਅੱਗੇ ਵਧ ਰਹੇ ਹਨ | ਸੈਨਾ ਦੇ ਦੂਜੇ ਮਹੱਤਵਪੂਰਨ ਅੰਗ ਹਵਾਈ ਸੈਨਾ ਲਈ ਹੈਲੀਕਾਪਟਰ, ਉੱਨਤ ਕਿਸਮ ਦੇ ਜਹਾਜ਼ ਅਤੇ ਨਵੀਂ ਤਕਨੀਕ ਦੀਆਂ ਰਾਡਾਰ ਪ੍ਰਣਾਲੀਆਂ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ | ਜਲ ਸੈਨਾ ਲਈ ਮਿਜ਼ਾਈਲ ਵਿਰੋਧੀ ਅਤੇ ਸਵੈ-ਚਾਲਿਤ ਗਨ ਸਿਸਟਮ ਦੀ ਵੀ ਖ਼ਰੀਦ ਕੀਤੀ ਜਾਵੇਗੀ | ਮੌਜੂਦਾ ਦੌਰ ਦੀਆਂ ਜੰਗਾਂ 'ਚ ਡਰੋਨਾਂ ਦੁਆਰਾ ਕੀਤੀ ਜਾ ਰਹੀ ਤਬਾਹੀ ਤੇ 'ਆਪ੍ਰੇਸ਼ਨ ਸੰਧੂਰ' ਦੌਰਾਨ ਪ੍ਰਾਪਤ ਸਫ਼ਲਤਾ ਦੇ ਮੱਦੇਨਜ਼ਰ ਭਾਰਤੀ ਸੈਨਾ 'ਚ ਵੀ ਵੱਖ-ਵੱਖ ਪੱਧਰ 'ਤੇ ਵੱਖ-ਵੱਖ ਕਿਸਮ ਦੇ ਡਰੋਨਾਂ ਦੀ ਉਪਲਬਧਤਾ ਨੂੰ ਬੜਾ ਮਹੱਤਵ ਦਿੱਤਾ ਜਾ ਰਿਹਾ ਹੈ | ਪਿਛਲੇ 15 ਮਹੀਨਿਆਂ 'ਚ ਸਰਕਾਰ ਤੇ ਰੱਖਿਆ ਮੰਤਰਾਲੇ ਵਲੋਂ ਭਾਰਤੀ ਸੈਨਾ ਨੂੰ 450 ਅਤਿ-ਆਧੁਨਿਕ ਡਰੋਨਾਂ ਨਾਲ ਲੈਸ ਕੀਤਾ ਗਿਆ ਹੈ | ਜਲ ਸੈਨਾ ਲਈ ਬ੍ਰਹਮੋਸ ਮਿਜ਼ਾਈਲਾਂ ਦੇ ਲਾਂਚਰ ਸਿਸਟਮ ਦੀ ਖ਼ਰੀਦ ਲਈ 661 ਕਰੋੜ ਰੁਪਏ ਰੱਖੇ ਗਏ ਹਨ | ਟੀ-72 ਤੇ ਟੀ-90 ਟੈਂਕਾਂ ਦੀ ਖਰੀਦ ਲਈ 586 ਕਰੋੜ ਰੁਪਏ ਦਾ ਇਕ ਸਮਝੌਤਾ ਕੀਤਾ ਗਿਆ ਹੈ | ਸੁਖੋਈ ਜਹਾਜ਼ਾਂ ਦੀ ਪੰਜਵੀਂ ਪੀੜ੍ਹੀ ਦੇ ਉਤਪਾਦਨ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਹੈ | ਨਵੇਂ ਸੁਖੋਈ-5 ਜਹਾਜ਼ਾਂ ਨੂੰ ਰੂਸੀ ਮਿਜ਼ਾਈਲਾਂ ਨਾਲ ਲੈਸ ਕੀਤਾ ਜਾਵੇਗਾ | ਪਿਛਲੇ ਮਹੀਨੇ ਸਤੰਬਰ 'ਚ ਵੀ ਰਾਸ਼ਟਰੀ ਰੱਖਿਆ ਖਰੀਦ ਪ੍ਰੀਸ਼ਦ ਨੇ 1.10 ਲੱਖ ਕਰੋੜ ਰੁਪਏ ਦੇ ਸੈਨਾ ਦੇ ਖ਼ਰੀਦ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ | ਭਾਰਤ ਵਲੋਂ ਤਿਆਰ ਕੀਤੇ ਤੇਜਸ ਜਹਾਜ਼ਾਂ ਦੀ ਖ਼ਰੀਦ ਭਾਰਤੀ ਹਵਾਈ ਸੈਨਾ ਲਈ ਇਕ ਵਾਧੂ ਕੋਸ਼ਿਸ਼ ਹੈ |
ਬਿਨਾਂ ਸ਼ੱਕ ਭਾਰਤ ਆਦਿ ਕਾਲ ਤੋਂ ਹੀ ਇਕ ਸ਼ਾਂਤੀ ਪਸੰਦ ਦੇਸ਼ ਹੈ, ਪਰ ਸ਼ਾਂਤੀ ਸਥਾਪਤ ਕਰਨ ਲਈ ਵੀ ਸ਼ਕਤੀ ਪ੍ਰਦਰਸ਼ਨ ਜ਼ਰੂਰੀ ਹੈ | ਮੌਜੂਦਾ ਦੌਰ 'ਚ ਵਿਸ਼ਵ ਵਿਆਪੀ ਪੱਧਰ 'ਤੇ ਚੱਲ ਰਹੀਆਂ ਕਈ ਜੰਗਾਂ ਨੇ ਵੀ ਇਹ ਸਿੱਧ ਕੀਤਾ ਹੈ ਕਿ ਆਪਣੀ ਹੋਂਦ ਬਣਾਈ ਰੱਖਣ ਲਈ ਕਿਸੇ ਵੀ ਦੇਸ਼ ਲਈ ਆਪਣੀ ਸ਼ਕਤੀ ਨੂੰ ਦਰਸਾਉਣਾ ਜ਼ਰੂਰੀ ਹੋ ਜਾਂਦਾ ਹੈ | ਭਾਵੇਂ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਪਰ ਜੰਗ ਨੂੰ ਰੋਕਣ ਤੇ ਜੰਗ ਦਾ ਸਾਮਹਣਾ ਕਰਨ ਲਈ ਕਿਸੇ ਵੀ ਦੇਸ਼ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ | ਭਾਰਤ ਲਈ ਵੀ ਆਪਣੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਸੈਨਿਕ ਸਮਰੱਥਾ ਨੂੰ ਹਾਸਿਲ ਕਰਨ ਤੇ ਫਿਰ ਉਸ ਦਾ ਪ੍ਰਦਰਸ਼ਨ ਕਰਨਾ ਬੇਹੱਦ ਲਾਜ਼ਮੀ ਬਣ ਜਾਂਦਾ ਹੈ | ਚੀਨ ਨਾਲ 1962 ਦੀ ਜੰਗ ਤੋਂ ਬਾਅਦ ਵੀ ਭਾਰਤ ਦੀ ਚੀਨ ਨਾਲ ਲਗਦੀ ਸਰਹੱਦ 'ਤੇ ਸ਼ਾਂਤੀ ਸਥਾਪਨਾ ਦੀ ਇੱਛਾ ਹਾਲੇ ਤੱਕ ਅਧੂਰੀ ਹੈ, ਜਦਕਿ ਉਸ ਦੀ ਸੈਨਾ ਵਲੋਂ ਅੱਜ ਵੀ ਭਾਰਤੀ ਸਰਹੱਦਾਂ 'ਤੇ ਤਣਾਅ ਵਾਲਾ ਮਾਹੌਲ ਬਣਾ ਦਿੱਤਾ ਜਾਂਦਾ ਹੈ | ਤਿੰਨ-ਤਿੰਨ ਜੰਗਾਂ ਹਾਰਨ ਦੇ ਬਾਵਜੂਦ ਪਾਕਿਸਤਾਨ ਆਪਣੀ ਮਾੜੀ ਮਾਨਸਿਕਤਾ ਨਹੀਂ ਛੱਡ ਰਿਹਾ |
ਅਜਿਹੀ ਸਥਿਤੀ 'ਚ ਦੇਸ਼ ਦੀ ਸਰਕਾਰ ਵਲੋਂ ਭਾਰਤੀ ਸੈਨਾ ਨੂੰ ਅਤਿ-ਆਧੁਨਿਕ ਤਕਨੀਕ ਨਾਲ ਮਜ਼ਬੂਤ ਕਰਨਾ ਸ਼ਾਨਦਾਰ ਕਾਰਜ ਕਿਹਾ ਜਾ ਸਕਦਾ ਹੈ | ਬਿਨਾਂ ਸ਼ੱਕ ਭਾਰਤ ਕਿਸੇ ਵੀ ਦੂਜੇ ਦੇਸ਼ ਦੇ ਖੇਤਰ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਕਿਸੇ ਖੇਤਰ 'ਤੇ ਪੈਂਦੀ ਮਾੜੀ ਨਜ਼ਰ ਦਾ ਜਵਾਬ ਦੇਣਾ ਵੀ ਇਸ ਦਾ ਅਹਿਮ ਕਰਤੱਵ ਬਣ ਜਾਂਦਾ ਹੈ | ਇਸ ਲਈ ਲਈ ਭਾਰਤੀ ਸੈਨਾ ਦੇ ਮਨੋਬਲ ਨੂੰ ਵਧਾਉਣਾ ਤੇ ਬਣਾਈ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ |