02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅੱਜ ਵੀ ਅੱਲੇ ਨੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਜ਼ਖ਼ਮ

ਅੱਜ ਵੀ ਅੱਲੇ ਨੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਜ਼ਖ਼ਮ

ਅਜੀਤ ਡੈਸਕ 02-11-2026

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ 1984 ਦੀ ਚੜ੍ਹਦੀ ਸਵੇਰ ਨੂੰ  ਭੜਕੀ ਭੀੜ ਵਲੋਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ, ਗੁੜਗਾਉਂ, ਪਟੌਦੀ ਨੂੰ  ਨਿਸ਼ਾਨਾ ਬਣਾ ਕੇ 3 ਦਿਨ ਬੇਰਹਿਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ | ਜ਼ਿਲ੍ਹਾ ਰੇਵਾੜੀ ਦੇ ਪਿੰਡ ਹੋਂਦ ਵਿਖੇ 18 ਸਿੱਖ ਪਰਿਵਾਰਾਂ ਦੇ 32 ਜੀਆਂ ਨੂੰ  ਮਾਸੂਮ ਬੱਚਿਆਂ ਸਣੇ ਜ਼ਖ਼ਮੀ ਕਰਨ ਤੋਂ ਬਾਅਦ ਪਹਿਲਾਂ ਇਕ ਖੂਹ ਵਿਚ ਸੁੱਟਿਆ ਗਿਆ ਤੇ ਫਿਰ ਅੱਗ ਲਾ ਕੇ ਦਰਦਨਾਕ ਮੌਤ ਦੇ ਦਿੱਤੀ ਗਈ | ਦੁੱਧ ਚੁੰਘਦੇ ਮਾਸੂਮ ਬੱਚਿਆਂ ਨੂੰ  ਵਾਲਾਂ ਤੋਂ ਫੜ ਕੇ ਕੰਧਾਂ ਨਾਲ ਪਟਕਾ-ਪਟਕਾ ਕੇ ਮਾਰਿਆ ਗਿਆ | ਵਹਿਸ਼ਤ ਦਾ ਨੰਗਾ ਨਾਚ ਨੱਚਦੇ ਦਰਿੰਦਿਆਂ ਵਲੋਂ ਗੁੜਗਾਉਂ, ਰੇਵਾੜੀ ਤੇ ਪਟੌਦੀ ਵਿਖੇ ਵੀ 47 ਸਿੱਖਾਂ ਨੂੰ  ਕਤਲ ਕਰਨ ਤੋਂ ਬਾਅਦ ਸਿੱਖ ਬੱਚੀਆਂ ਨਾਲ ਬਦਸਲੂਕੀ ਨੂੰ  ਅੰਜਾਮ ਦਿੱਤਾ ਗਿਆ | ਫਿਰ 2011 ਵਿਚ ਇਹ ਮਾਮਲਾ ਭਾਈ ਦਰਸ਼ਨ ਸਿੰਘ ਘੋਲੀਆ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਸਾਥੀਆਂ ਦੀ ਬਦੌਲਤ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚਿਆ | ਲੰਬੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ਲੜੇ ਗਏ ਕੇਸਾਂ ਕਰਕੇ 22 ਕਰੋੜ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪੀੜਤ ਪਰਿਵਾਰਾਂ ਨੂੰ  'ਅੱਲੇ ਜ਼ਖ਼ਮਾਂ 'ਤੇ ਮੱਲ੍ਹਮ' ਦੇ ਰੂਪ 'ਚ ਮਿਲੀ, ਜਦਕਿ ਕਰੀਬ 133 ਕੇਸ ਅਜੇ ਵੀ ਅਦਾਲਤਾਂ 'ਚ ਲੰਬਿਤ ਹਨ | ਤਤਕਾਲੀ ਦੋਸ਼ੀ 7 ਪੁਲਿਸ ਅਧਿਕਾਰੀਆਂ ਨੂੰ  ਸਜ਼ਾ ਦਾ ਮਾਮਲਾ ਵੀ ਵਿਚਾਲੇ ਲਟਕ ਰਿਹਾ ਹੈ |

ਵਖ਼ਤ ਦੇ ਮਾਰੇ ਬਹੁਤੇ ਪੀੜਤ ਪਰਿਵਾਰ ਗ਼ੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਇਹ ਗੁਲਾਬ ਸਿੰਘ ਦੀ ਢਾਣੀ ਦੇ ਨਾਂਅ ਨਾਲ ਜਾਣਿਆ ਜਾਂਦਾ ਸਿੱਖ ਪਰਿਵਾਰਾਂ ਦਾ ਪਿੰਡ ਸੀ, ਜਿਨ੍ਹਾਂ ਦੇ ਘਰ-ਘਾਟ ਤੇ ਜਾਇਦਾਦ ਤਬਾਹ ਕਰ ਦਿੱਤੇ ਗਏ | ਸ਼ਾਹੀ ਸ਼ਹਿਰ ਪਟੌਦੀ ਦੀਆਂ ਤੰਗ ਗਲੀਆਂ 'ਚ ਬਿਨਾਂ ਮਰਦਾਂ ਤੋਂ ਜ਼ਿੰਦਗੀ ਜੀਅ ਰਹੀਆਂ, ਸਿੱਖ ਕਤਲੇਆਮ ਨੂੰ  ਅੱਖੀਂ ਵੇਖਣ ਤੇ ਦਰਦ ਹੰਢਾਉਣ ਵਾਲੀਆਂ ਕਈ ਵਿਧਵਾ ਹੋ ਚੁੱਕੀਆਂ ਮਾਵਾਂ ਅੱਜ ਵੀ ਜਦ ਉਨ੍ਹਾਂ ਪਲਾਂ ਨੂੰ  ਯਾਦ ਕਰਦੀਆਂ ਹਨ ਤਾਂ ਸੁਣਨ ਵਾਲਿਆਂ ਦੀਆਂ ਅੱਖਾਂ 'ਚੋਂ ਆਪ ਮੁਹਾਰੇ ਅੱਥਰੂ ਵਹਿ ਤੁਰਦੇ ਹਨ | ਅਜਿਹੇ ਅਣਮਨੁੱਖੀ ਕਾਰੇ ਨੂੰ  ਕਲਮਬੱਧ ਕਰਨ ਲੱਗਿਆਂ ਸ਼ਾਇਦ ਕਲਮ ਵੀ ਅੱਥਰੂ ਕੇਰਨ ਲੱਗ ਜਾਵੇ |
ਇਕ ਰਿਪੋਰਟ ਮੁਤਾਬਕ 1984 ਦੇ ਸਿੱਖ ਕਤਲੇਆਮ ਦੌਰਾਨ ਹਰਿਆਣਾ 'ਚ ਲਗਭਗ 20 ਗੁਰਦੁਆਰਾ ਸਾਹਿਬਾਨ, 221 ਘਰ, 154 ਦੁਕਾਨਾਂ, 57 ਫੈਕਟਰੀਆਂ, 3 ਰੇਲ ਡੱਬੇ ਅਤੇ 85 ਵਾਹਨ ਸਾੜ ਦਿੱਤੇ ਗਏ ਸਨ | ਇਸ ਕਤਲੇਆਮ 'ਚ 58 ਲੋਕ ਜ਼ਖ਼ਮੀ ਹੋਏ ਸਨ ਤੇ 121 ਲੋਕ ਮਾਰੇ ਗਏ ਸਨ | ਸਮੇਂ ਦੀ ਸਿਤਮ ਜ਼ਰੀਫ਼ੀ ਵੇਖੋ, ਰਸੂਖਦਾਰਾਂ ਨੇ ਬੀਤੇ ਸਮੇਂ ਤੋਂ ਇਸ ਖੰਡਰ ਬਣ ਚੁੱਕੇ ਪਿੰਡ ਹੋਂਦ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ  ਵੀ ਕਾਫ਼ੀ ਹੱਦ ਤੱਕ ਆਪਣੇ ਖੇਤਾਂ 'ਚ ਮਿਲਾ ਲਿਆ ਹੈ | ਕਈ ਹਵੇਲੀਆਂ ਦੀ ਛੱਤ ਡਿੱਗ ਚੁੱਕੀ ਹੈ ਤੇ ਉੱਥੇ ਲੱਗੇ ਰੁੱਖ-ਬੂਟੇ ਪੱਟ ਦਿੱਤੇ ਗਏ ਹਨ | ਸਿਆਸੀ ਰਸੂਖ ਵਾਲੇ ਲੋਕ ਇਨ੍ਹਾਂ ਹਵੇਲੀਆਂ ਨੂੰ  ਢਾਹ ਕੇ ਹੌਲੀ-ਹੌਲੀ ਉਸ ਜਗ੍ਹਾ 'ਤੇ ਕਬਜ਼ੇ ਦੀ ਤਾਕ ਵਿਚ ਹਨ, ਉਨ੍ਹਾਂ ਵਲੋਂ ਰਾਤ-ਬਰਾਤੇ ਇਨ੍ਹਾਂ ਹਵੇਲੀਆਂ ਨੂੰ  ਵਾਰ-ਵਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਦ 2016 'ਚ ਜੱਜ ਟੀ.ਪੀ. ਗਰਗ ਵਲੋਂ ਇਸ ਖੰਡਰ ਪਿੰਡ ਦਾ ਦੌਰਾ ਕੀਤਾ ਗਿਆ ਸੀ ਤਾਂ ਉਨ੍ਹਾਂ ਤੁਰੰਤ ਨਿਸ਼ਾਨਦੇਹੀ ਦੇ ਹੁਕਮ ਦਿੱਤੇ ਸਨ, ਪ੍ਰੰਤੂ ਕੁਝ ਲੋਕਾਂ ਵਲੋਂ ਉਨ੍ਹਾਂ ਨਿਸ਼ਾਨੀਆਂ ਨੂੰ  ਮਿਟਾਉਣ ਤੋਂ ਬਾਅਦ ਨਾਲ ਲੱਗਦੀ ਜ਼ਮੀਨ ਨੂੰ  ਵੀ ਫਿਰ ਤੋਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਲੋਕ ਪਿੰਡ ਹੋਂਦ ਦੀ ਹੋਂਦ ਨੂੰ  ਖ਼ਤਮ ਕਰਨਾ ਚਾਹੁੰਦੇ ਹਨ, ਜਿਸ ਨੂੰ  ਰੋਕਣ ਲਈ ਸਰਕਾਰ ਨੂੰ  ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | 
ਅੱਜ ਭਾਵੇਂ 2 ਨਵੰਬਰ ਨੂੰ  ਪਿੰਡ ਹੋਂਦ ਚਿੱਲੜ ਵਿਖੇ ਸਿੱਖ ਸ਼ਹੀਦਾਂ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ, ਪਰ ਖੰਡਰ ਹਵੇਲੀਆਂ ਤੇ ਵਖ਼ਤ ਦੇ ਮਾਰੇ ਪੀੜਤ ਪਰਿਵਾਰ ਕਿਸੇ ਨੂੰ  ਕੁਝ ਵੀ ਕਹਿਣ ਜੋਗੇ ਨਹੀਂ ਹਨ, ਕਿਉਂਕਿ ਕਈਆਂ ਨੇ ਉਨ੍ਹਾਂ ਨੂੰ  ਇਨਸਾਫ਼ ਦੇ ਲਾਰੇ ਲਾ ਕੇ ਆਪਣੇ ਨਿੱਜੀ ਮੁਫ਼ਾਦਾਂ ਨੂੰ  ਹੀ ਪਹਿਲ ਦਿੱਤੀ ਹੈ | ਭਾਵੇਂ ਇਸ ਕਤਲੇਆਮ ਵਿਚ ਆਪਣਿਆਂ ਤੋਂ ਸਦਾ ਲਈ ਵਿੱਛੜ ਜਾਣ ਵਾਲੇ ਜੀਆਂ ਦੇ ਬਾਕੀ ਬਚੇ ਪਰਿਵਾਰਾਂ ਨੂੰ  ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਘੋਲੀਆ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਲੜੀ ਜੰਗ ਦੀ ਬਦੌਲਤ ਮਾਲੀ ਮਦਦ ਤਾਂ ਮਿਲ ਗਈ, ਪਰ ਕੀ ਕਦੇ ਉਨ੍ਹਾਂ ਵੱਡੇ ਸ਼ਹਿਰਾਂ ਦੀਆਂ ਤੰਗ ਗਲੀਆਂ ਅੰਦਰ ਅੱਜ ਵੀ ਗ਼ੁਰਬਤ ਤੇ ਡਰ ਦੇ ਮਾਹੌਲ 'ਚ ਜ਼ਿੰਦਗੀ ਜੀਅ ਰਹੀਆਂ 'ਗੁੰਮ-ਸੁੰਮ ਜ਼ਿੰਦਗੀਆਂ' ਨੂੰ  ਮਿਲਣ ਵਾਲੇ ਇਨਸਾਫ਼ ਦੀ ਆਸ ਪੂਰੀ ਹੋ ਸਕੇਗੀ? ਕਿਉਂਕਿ ਹੁਣ ਤਾਂ ਇਸ ਕਤਲੇਆਮ ਦੇ ਮੁੱਖ ਗਵਾਹ ਉੱਤਮ ਸਿੰਘ ਵਰਗੇ ਇਨਸਾਨ ਵੀ ਇਨਸਾਫ਼ ਨੂੰ  ਉਡੀਕਦੇ-ਉਡੀਕਦੇ ਇਸ ਸੰਸਾਰ ਤੋਂ ਕੂਚ ਕਰ ਗਏ ਹਨ | ਅੱਜ ਵੀ ਇਕ ਸਵਾਲ ਉਹ ਖੰਡਰ ਬਣ ਚੁੱਕਿਆ ਪਿੰਡ, ਉੱਥੋਂ ਦੀਆਂ ਉਦਾਸ ਤੇ ਵੀਰਾਨ ਗਲੀਆਂ, ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ  ਕੂਕ-ਕੂਕ ਕੇ ਪੁੱਛ ਰਹੀਆਂ ਹਨ ਕਿ, ਉਹ ਢੇਰ ਸਾਰੇ ਵਾਅਦੇ ਕਰਨ ਦੇ ਬਾਅਦ ਵੀ ਉਨ੍ਹਾਂ ਦੇ ਅੱਥਰੂ ਪੂੰਝਣ ਕਿਉਂ ਨਹੀ ਪਹੁੰਚੇ? ਇਨ੍ਹਾਂ ਅਭਾਗਿਆਂ ਦੇ ਹਿੱਸੇ ਦਾ ਇਨਸਾਫ਼ ਕਿੱਥੇ ਗਿਆ?

-ਪੱਤਰਕਾਰ, 'ਅਜੀਤ', ਮਾਲੇਰਕੋਟਲਾ |
ਮੋਬਾਈਲ : 9463463136

ਪਿਛਲੀ ਖ਼ਬਰ ਦਵਾਈਆਂ ਦੇ ਵਧੇਰੇ ਮੁੱਲ-ਕੇਂਦਰ ਸਰਕਾਰ ਕਿਸ ਦੇ ਨਾਲ? ਅਗਲੀ ਖ਼ਬਰ ਬੇਹੱਦ ਮੁਸ਼ਕਿਲ ਹਾਲਾਤ ਵਿਚ ਜਿਊਾ ਰਹੇ ਹਨ ਨਵੰਬਰ 84 ਦੇ ਪੀੜਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।