02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਿਸ਼ਕਾਮ ਸਮਾਜ ਸੇਵਕ ਸਨ ਭਗਤ ਪੂਰਨ ਸਿੰਘ

ਅਜੀਤ ਡੈਸਕ 04-06-2026

ਅੱਜ ਜਨਮ ਦਿਵਸ 'ਤੇ ਵਿਸ਼ੇਸ਼

 

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ
॥
20ਵੀਂ ਸਦੀ ਦੀ ਇਕ ਅਜ਼ੀਮ ਸ਼ਖ਼ਸੀਅਤ, ਇਨਸਾਨੀਅਤ ਦੀ ਮੂਰਤ, ਯੁੱਗਪੁਰਸ਼, ਮਹਾਨ ਚਿੰਤਕ ਤੇ ਦਰਵੇਸ਼ ਸੇਵਕ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਰੂਪੀ ਇਕ ਅਜਿਹਾ ਘਰ ਬਣਾ ਗਏ, ਜਿਥੇ ਮੈਂ, ਮੇਰੀ, ਈਰਖਾ, ਸਵਾਰਥ ਵਰਗੇ ਸ਼ਬਦਾਂ ਦੀ ਕੋਈ ਥਾਂ ਨਹੀਂ ਅਤੇ ਅਨੇਕਾਂ ਜਾਤਾਂ-ਪਾਤਾਂ, ਮਜ਼੍ਹਬਾਂ, ਕੌਮਾਂ ਦੇ ਲੋਕ ਇੰਝ ਜੀਵਨ ਬਤੀਤ ਕਰ ਰਹੇ ਨੇ ਜਿਵੇਂ ਇਕ ਮਾਲਾ ਦੇ ਮੋਤੀ ਹੋਣ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਦੇ ਦੁਨੀਆ ਦੇ ਸੂਝ-ਬੂਝ ਰੱਖਣ ਵਾਲੇ ਲੋਕਾਂ ਨੇ ਆਪਣੀ ਜ਼ਿੰਦਗੀ 'ਚੋਂ ਕੱਢ ਕੇ ਸੜਕਾਂ 'ਤੇ ਰੁਲਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਜਿਨ੍ਹਾਂ ਦਾ ਇਨ੍ਹਾਂ ਸਿਆਣੇ ਬੰਦਿਆਂ ਨਾਲ ਖ਼ੂਨ ਦਾ ਰਿਸ਼ਤਾ ਸੀ। ਇਹ ਪਿੰਗਲਵਾੜਾ ਰੂਪੀ ਬੇਸਹਾਰਾ ਲੋਕਾਂ ਦਾ ਘਰ ਬਣਾਉਣ ਵਾਲੇ ਭਗਤ ਪੂਰਨ ਸਿੰਘ ਸਨ, ਜਿਨ੍ਹਾਂ ਨੇ ਇਕੱਲਿਆਂ ਹੀ ਅਨੇਕਾਂ ਚਣੌਤੀਆਂ ਦਾ ਸਾਹਮਣਾ ਕਰਦਿਆਂ ਲੰਬੀ ਜਦੋ-ਜਹਿਦ ਮਗਰੋਂ ਇਸ ਮੰਜ਼ਿਲ ਨੂੰ ਸਰ ਕੀਤਾ ਅਤੇ ਇਕ ਗਰੀਬੜੇ ਜਿਹੇ ਸਿੱਖ ਦੇ ਤੌਰ 'ਤੇ ਇਕੱਲਿਆਂ ਹੀ ਵੱਡੀ ਪੱਧਰ 'ਤੇ ਲੋਕ ਸੇਵਾ ਦਾ ਬੀੜਾ ਚੁੱਕਿਆ। ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਨੇ ਦੀਨ-ਦੁਖੀਆਂ, ਅਪਾਹਜਾਂ, ਲਾਵਾਰਸਾਂ, ਮਰਦਾਂ-ਇਸਤਰੀਆਂ, ਮੰਦਬੁੱਧੀ ਬੱਚਿਆਂ, ਬਜ਼ੁਰਗਾਂ, ਨੌਜਵਾਨ (ਲੜਕੇ-ਲੜਕੀਆਂ) ਤੇ ਬਿਮਾਰਾਂ ਦੀ ਸੇਵਾ-ਸੰਭਾਲ ਲਈ ਆਰੰਭੇ ਕਾਰਜ ਨੂੰ ਪਿੰਗਲਵਾੜਾ ਦੀ ਸਥਾਪਨਾ ਦੇ ਰੂਪ ਵਿਚ ਤਬਦੀਲ ਕਰ ਕੇ ਸੇਵਾ ਦੇ ਖੇਤਰ ਵਿਚ ਅਦੁੱਤੀ ਮਿਸਾਲ ਪੇਸ਼ ਕੀਤੀ। ਭਗਤ ਪੂਰਨ ਸਿੰਘ ਜੀ ਦਾ ਜਨਮ ਪਿੰਡ ਰਾਜੇਵਾਲ ਰੋਹਣੋਂ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ 4 ਜੂਨ 1904 ਨੂੰ ਪਿਤਾ ਸ਼ਿਬੂ ਮੱਲ ਦੇ ਗ੍ਰਹਿ ਵਿਖੇ ਹੋਇਆ ਸੀ। ਭਗਤ ਜੀ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ। ਸਿੱਖ ਸਿਧਾਤਾਂ ਤੋਂ ਪ੍ਰਭਾਵਿਤ ਹੋ ਕੇ ਰਾਮਜੀ ਦਾਸ ਜੀ ਨੇ 1923 ਵਿਚ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਉਹ ਪੂਰਨ ਸਿੰਘ ਬਣ ਗਏ ਆਪ ਜੀ ਨੇ 1924 ਈ: ਤੋਂ 1947 ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ ਜੀਵਨ ਬਿਤਾਇਆ। ਭਗਤ ਜੀ ਨੂੰ ਮਾਨਵਤਾ ਦੇ ਭਲੇ ਦੀ ਗੁੜ੍ਹਤੀ ਆਪਣੀ ਮਾਂ ਪਾਸੋਂ ਹੀ ਮਿਲੀ ਅਤੇ 1934 ਈ: ਵਿਚ ਤਕਰੀਬਨ 30 ਕੁ ਸਾਲ ਦੀ ਉਮਰ ਵਿਚ ਆਪ ਨੇ ਇਕ ਲਵਾਰਿਸ ਅਤੇ ਲੂਲ੍ਹੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਦੀ ਜ਼ਿੰਮੇਵਾਰੀ ਲਈ। ਭਗਤ ਜੀ ਦੀ ਸੇਵਾ ਦਾ ਸਫ਼ਰ ਲਾਹੌਰ ਦੀਆਂ ਸੜਕਾਂ ਤੋਂ ਸ਼ੁਰੂ ਹੋਇਆ ਅਤੇ ਉਨ੍ਹਾਂ ਦੀ ਮੰਜ਼ਿਲ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸਥਾਪਨਾ ਨਾਲ ਸੰਪੂਰਨ ਹੋਈ। ਭਗਤ ਪੂਰਨ ਸਿੰਘ ਜੀ ਇਕ ਦੂਰਅੰਦੇਸ਼ ਲੇਖਕ ਅਤੇ ਵਧੀਆ ਪ੍ਰਕਾਸ਼ਕ ਸਨ ਜਿਨ੍ਹਾਂ ਜ਼ਿੰਦਗੀ ਦੇ ਅੰਤਿਮ ਪੜਾਅ ਤੱਕ ਅਜਿਹਾ ਸਾਹਿਤ ਰਚਿਆ, ਛਪਾਵਿਆ ਤੇ ਵੰਡਵਾਇਆ, ਜੋ ਮਨੁੱਖ ਨੂੰ ਵਾਤਾਵਰਨ ਵਿਚ ਪੈਦਾ ਹੋਣ ਵਾਲੇ ਵਿਗਾੜਾਂ ਕਾਰਨ ਆਉਣ ਵਾਲੀਆਂ ਭਿਆਨਕ ਤਬਾਹੀਆਂ ਤੋਂ ਸੁਚੇਤ ਕਰਦਾ ਹੋਇਆ ਬਚਾਅ ਦਾ ਰਾਹ ਦਰਸਾਉਂਦਾ ਹੈ। ਉਨ੍ਹਾਂ ਧਰਤੀ ਦਾ ਖੁਰਨਾ-ਜ਼ਹਿਰੀਲਾ ਹੋਣਾ, ਆਬਾਦੀ ਦਾ ਵਧਣਾ, ਪਾਣੀ ਦਾ ਪੱਧਰ ਡਿੱਗਣਾ, ਹਵਾ ਦਾ ਪ੍ਰਦੂਸ਼ਿਤ ਹੋਣਾ, ਨਸ਼ਿਆਂ ਦਾ ਵਧਣਾ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪੈਟਰੋਲ-ਡੀਜ਼ਲ ਦੀ ਦੁਰਵਰਤੋਂ, ਗ਼ਰੀਬੀ-ਅਨਪੜ੍ਹਤਾ ਨੂੰ ਦੂਰ ਕਰਨ ਸੰਬੰਧੀ ਸਮੱਸਿਆਵਾਂ ਬਾਰੇ ਲੇਖ ਲਿਖੇ ਤੇ ਕਿਤਾਬਾਂ ਛਾਪੀਆਂ ਤੇ ਵੰਡੀਆਂ। ਮਨੁੱਖਤਾ ਦੇ ਪੁਜਾਰੀ ਭਗਤ ਪੂਰਨ ਸਿੰਘ ਨੇ ਬੜੇ ਔਖੇ ਪੈਂਡਿਆਂ ਵਿਚੋਂ ਲੰਘਦਿਆਂ ਹੋਇਆਂ 88 ਸਾਲਾਂ ਦੀ ਉਮਰ ਤੱਕ ਗੁਰਬਾਣੀ ਦੇ ਸ਼ਬਦ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥' ਦੇ ਫਲਸਫੇ 'ਤੇ ਚੱਲਦਿਆਂ ਬਿਨਾਂ ਕਿਸੇ ਜਾਤ, ਪਾਤ, ਮਜ਼੍ਹਬ, ਰੰਗ ਤੇ ਨਸਲ ਦੇ ਭੇਦਭਾਵ ਤੋਂ ਇਸ ਸੇਵਾ ਦੇ ਕਾਰਜ ਨੂੰ ਜਾਰੀ ਰੱਖਿਆ। ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਸਦਾ ਤੱਤਪਰ ਰਹਿੰਦੇ ਸਨ। ਮਨੁੱਖਤਾ ਦੀ ਸੇਵਾ ਦੀ ਇਹ ਜਗਦੀ ਜੋਤ 5 ਅਗਸਤ 1992 ਈ: ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੀ। 1992 ਤੋਂ ਬਾਅਦ ਉਨ੍ਹਾਂ ਦੀ ਉਤਰਾਧਿਕਾਰੀ ਡਾ. ਇੰਦਰਜੀਤ ਕੌਰ ਨੇ ਉਸੇ ਸ਼ਿੱਦਤ ਨਾਲ ਭਗਤ ਜੀ ਵਲੋਂ ਮਨੁੱਖਤਾ ਦੀ ਭਲਾਈ ਲਈ ਆਰੰਭੇ ਕਾਰਜਾਂ ਨੂੰ ਜਾਰੀ ਰੱਖਿਆ, ਜਿਸ ਵਾਸਤੇ ਉਨਾਂ ਆਪਣਾ ਘਰ-ਬਾਰ, ਸੁੱਖ-ਆਰਾਮ ਤਿਆਗ ਕੇ ਪਿੰਗਲਵਾੜਾ ਤੇ ਪਿੰਗਲਵਾੜਾ ਦੇ ਮਰੀਜ਼ਾਂ, ਲਾਵਾਰਸਾਂ, ਅਪਾਹਜਾਂ, ਦੀਨ- ਦੁਖੀਆਂ ਲਈ ਜੋ ਕੁਝ ਕੀਤਾ, ਉਸ ਨੂੰ ਪਿੰਗਲਵਾੜਾ ਸੰਸਥਾ ਤੇ ਉਸ ਦੀਆਂ ਬ੍ਰਾਂਚਾਂ ਦਾ ਦੌਰਾ ਕਰਨ ਮਗਰੋਂ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਇਸ ਸਮੇਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਦੇ ਮੁੱਖ ਦਫ਼ਤਰ, ਅੰਮ੍ਰਿਤਸਰ ਸਮੇਤ ਇਸ ਦੀਆਂ ਪ੍ਰਮੁੱਖ ਬ੍ਰਾਂਚਾਂ ਸ੍ਰੀ ਗੋਇੰਦਵਾਲ ਸਾਹਿਬ, ਧੂਰੀ ਰੋਡ ਸੰਗਰੂਰ, ਪਲਸੌਰਾ ਚੰਡੀਗੜ੍ਹ, ਲੁਧਿਆਣਾ, ਦਿੱਲੀ, ਆਦਿ ਤੋਂ ਇਲਾਵਾ 23 ਏਕੜ 'ਚ ਮਾਨਾਂਵਾਲਾ (ਅੰਮ੍ਰਿਤਸਰ) ਬ੍ਰਾਂਚ ਦਾ ਵਿਸ਼ਾਲ ਕੰਪਲੈਕਸ, ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ, ਧੀਰੇਕੋਟ ਆਦਿ ਸਾਰੇ ਅਦਾਰੇ ਡਾ. ਬੀਬੀ ਇੰਦਰਜੀਤ ਕੌਰ ਦੀ ਸੁਯੋਗ ਅਗਵਾਈ ਹੇਠ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਦਿੱਤੇ ਜਾ ਰਹੇ ਦਾਨ ਰੂਪੀ ਸਹਿਯੋਗ ਸਦਕਾ ਸੁਚੱਜੇ ਪ੍ਰਬੰਧਾਂ ਹੇਠ ਚੱਲ ਰਹੇ।
ਕੁੱਲ ਮਿਲਾ ਕੇ ਅੱਜ ਪਿੰਗਲਵਾੜਾ ਸੰਸਥਾ ਦੀਨ-ਦੁਖੀਆਂ, ਮਰੀਜ਼ਾਂ, ਅਪਾਹਜਾਂ, ਰੋਗੀਆਂ, ਮਰਦਾਂ-ਇਸਤਰੀਆਂ, ਲਾਵਾਰਸਾਂ ਤੇ ਲੋੜਵੰਦਾਂ ਲਈ ਉਨ੍ਹਾਂ ਦਾ ਆਪਣਾ ਘਰ ਸਾਬਤ ਹੋ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਧਦੀ ਆਬਾਦੀ, ਵਧ ਰਹੇ ਜੁਰਮਾਂ, ਨਸ਼ਿਆਂ ਅਤੇ ਮਨੁੱਖੀ ਰਿਸ਼ਤੇ ਤਾਰ-ਤਾਰ ਹੋਣ ਕਰਕੇ ਪਿੰਗਲਵਾੜਾ ਸੰਸਥਾ ਨੂੰ ਰੋਜ਼ਾਨਾ ਅਨੇਕਾਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਇੰਦਰਜੀਤ ਕੌਰ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਬੜੀ ਸੁਹਿਰਦਤਾ ਤੇ ਵੱਡੇ ਜਿਗਰੇ ਨਾਲ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਪਿੰਗਲਵਾੜਾ ਸੰਸਥਾ ਵਲੋਂ ਹਰ ਸਾਲ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਉਨ੍ਹਾਂ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਨ੍ਹਾਂ ਦੋਵਾਂ ਸਮਾਗਮਾਂ ਦੌਰਾਨ ਸਮਾਜਿਕ ਸਰੋਕਾਰਾਂ ਵਾਲੇ ਵਿਸ਼ਿਆਂ 'ਤੇ ਸੈਮੀਨਾਰ ਅਤੇ ਪ੍ਰੋਗਰਾਮ ਕਰਵਾ ਕੇ ਭਗਤ ਪੂਰਨ ਸਿੰਘ ਜੀ ਵਲੋਂ ਕੀਤੇ ਸੇਵਾ ਦੇ ਕਾਰਜਾਂ ਦੇ ਨਾਲ-ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਹਿੱਤ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਸਮੁੱਚੀ ਲੋਕਾਈ ਲਈ ਪ੍ਰੇਰਨਾ ਸਰੋਤ ਭਗਤ ਪੂਰਨ ਸਿੰਘ ਜੀ ਦਾ 122ਵਾਂ ਜਨਮ ਦਿਹਾੜਾ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵਲੋਂ 4 ਜੂਨ 2026 ਨੂੰ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ।

-ਪੱਤਰਪ੍ਰੇਰਕ ਮਾਨਾਂਵਾਲਾ, ਅੰਮ੍ਰਿਤਸਰ।
ਮੋਬਾਈਲ : 96825-24001.

ਪਿਛਲੀ ਖ਼ਬਰ ਟਰੰਪ ਦੀ ਨਵੀਂ ਗ੍ਰੀਨ ਕਾਰਡ ਨੀਤੀ ਨਾਲ ਲੱਖਾਂ ਲੋਕਾਂ ਦੇ ਸੁਪਨਿਆਂ 'ਤੇ ਛਾਏ ਕਾਲੇ ਬੱਦਲ! ਅਗਲੀ ਖ਼ਬਰ ਨਵੇਂ ਸਤਿਕਾਰ ਸੋਧ ਕਾਨੂੰਨ ਦਾ ਮਸਲਾ : ਮੌਜੂਦਾ ਰੇੜਕੇ ਦਾ ਹੱਲ ਕਿਵੇਂ ਹੋਵੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।