ਚਮੜੀ ਅਤੇ ਸਰੀਰ ਦੀ ਸੁੰਦਰਤਾ ਤਾਂ ਅਸੀਂ ਸੁੰਦਰਤਾ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਕੇ ਸੁਧਾਰ ਸਕਦੇ ਹਾਂ, ਮਨ ਦੀ ਸੁੰਦਰਤਾ ਵੀ ਚੰਗੇ ਵਿਚਾਰਾਂ ਨਾਲ ਹਾਸਿਲ ਕਰ ਸਕਦੇ ਹਾਂ ਪਰ ਬੌਧਿਕ ਸੁੰਦਰਤਾ ਅਤੇ ਮਾਨਸਿਕ ਤਾਕਤ ਨੂੰ ਅਸੀਂ ਯੋਗਾ ਅਭਿਆਸ ਨਾਲ ਹੀ ਉੱਪਰ ਚੁੱਕ ਸਕਦੇ ਹਾਂ |
ਸਰੀਰ ਨੂੰ ਸਿਹਤਮੰਦ ਰੱਖਣ ਦੀ ਸ਼ਕਤੀ ਸਾਡੇ ਸਰੀਰ ਦੇ ਅੰਦਰ ਹੁੰਦੀ ਹੈ | ਬਸ ਜ਼ਰੂਰਤ ਹੁੰਦੀ ਹੈ ਉਸ ਨੂੰ ਸੁਚਾਰੂ ਰੂਪ ਦੇਣ ਦੀ | ਅੰਦਰ ਦੀਆਂ ਸ਼ਕਤੀਆਂ ਨੂੰ ਪਛਾਣਨ ਲਈ ਯੋਗ ਇਕ ਸਹੀ ਰਸਤਾ ਹੈ, ਜਿਸ ਨਾਲ ਅਸੀਂ ਆਪਣੇ ਸਰੀਰ ਦੇ ਵਿਕਾਸ ਦੇ ਨਾਲ ਆਤਮਿਕ ਵਿਕਾਸ ਵੀ ਕਰ ਸਕਦੇ ਹਾਂ |
ਯੋਗ ਨਾਲ ਮਨੁੱਖ ਦੇ ਅੰਦਰ ਲੁਕੀਆਂ ਅੰਦਰੂਨੀ ਸ਼ਕਤੀਆਂ ਜਾਗਿ੍ਤ ਹੋ ਉੱਠਦੀਆਂ ਹਨ, ਜਿਸ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਜਿਊਣ ਦੇ ਅਨੰਦ ਦਾ ਅਨੁਭਵ ਹੁੰਦਾ ਹੈ | ਯੋਗ ਨਾਲ ਵਿਚਾਰ ਸ਼ੁੱਧ ਹੁੰਦੇ ਹਨ | ਸਰੀਰ ਨੂੰ ਵੱਖ-ਵੱਖ ਕੋਣਿਆਂ ਤੋਂ ਬਿਨਾਂ ਕਿਸੇ ਤਕਲੀਫ਼ ਦੇ ਸੌਖਿਆਂ ਹੀ ਮੋੜਿਆ ਜਾ ਸਕਦਾ ਹੈ |
ਉਂਝ ਤਾਂ ਯੋਗ ਆਸਣ ਬਹੁਤ ਸਾਰੇ ਹਨ ਪਰ ਅਸੀਂ ਕੁਝ ਆਸਣਾਂ ਦਾ ਲਗਾਤਾਰ ਅਭਿਆਸ ਕਰਕੇ ਆਪਣੇ ਤਨ ਤੇ ਮਨ ਨੂੰ ਤਾਕਤਵਰ ਬਣਾ ਸਕਦੇ ਹਾਂ | ਆਪਣੇ ਸਰੀਰ ਨੂੰ ਵੱਖ-ਵੱਖ ਕਸਰਤਾਂ ਨਾਲ ਵੀ ਚੁਸਤ ਰੱਖਿਆ ਜਾ ਸਕਦਾ ਹੈ | ਫਿਰ ਯੋਗ ਹੀ ਕਿਉਂ ਕੀਤਾ ਜਾਵੇ, ਇਸ ਤਰ੍ਹਾਂ ਦੇ ਵਿਚਾਰ ਵੀ ਮਨ ਵਿਚ ਆਉਂਦੇ ਹਨ | ਯੋਗ ਮਨ ਅਤੇ ਤਨ ਦੋਵਾਂ ਦੀ ਸ਼ੁੱਧੀ ਅਤੇ ਸਰੀਰ 'ਚ ਫੁਰਤੀ ਬਣਾਈ ਰੱਖਦਾ ਹੈ, ਇਸ ਲਈ ਯੋਗਾ ਅਭਿਆਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣਾ ਜ਼ਰੂਰੀ ਹੈ |
ਕਸਰਤ ਸਿਰਫ਼ ਮਾਸਪੇਸ਼ੀਆਂ ਨੂੰ ਤਾਕਤਵਰ ਬਣਾਉਂਦੀ ਹੈ | ਇਸ ਨਾਲ ਸਰੀਰ ਚੁਸਤ ਰਹਿੰਦਾ ਹੈ, ਜਦ ਕਿ ਯੋਗ ਸਰੀਰ ਦੀ ਅੰਦਰੂਨੀ ਕਿਰਿਆਵਾਂ ਨੂੰ ਦਰੁੱਸਤ ਕਰਦਾ ਹੈ | ਇਸ ਨਾਲ ਸਰੀਰ ਅਤੇ ਦਿਮਾਗ਼ ਦੋਵੇਂ ਸਿਹਤਮੰਦ ਰਹਿੰਦੇ ਹਨ |
ਕਸਰਤ ਤੇਜ਼ੀ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਛੇਤੀ ਥਕਾਵਟ ਹੋ ਜਾਂਦੀ ਹੈ | ਯੋਗ ਸ਼ਾਂਤ ਅਤੇ ਆਰਾਮ ਢੰਗ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਸਮੇਂ ਤੱਕ ਯੋਗਾ ਅਭਿਆਸ ਕਰ ਸਕਦੇ ਹੋ |
ਤੇਜ਼ੀ ਨਾਲ ਕਸਰਤ ਕਰਨ 'ਤੇ ਸਾਹ ਛੇਤੀ ਉੱਖੜਦਾ ਹੈ, ਜਦ ਕਿ ਯੋਗਾ ਅਭਿਆਸ ਨਾਲ ਸਾਹ ਸ਼ਾਂਤ ਰਹਿੰਦਾ ਹੈ ਅਤੇ ਦਿਲ ਦੀ ਰਫ਼ਤਾਰ ਸਾਧਾਰਨ ਰਹਿੰਦੀ ਹੈ |
ਕਸਰਤ ਬੱਚੇ, ਨੌਜਵਾਨ ਅਤੇ 40 ਸਾਲ ਤੱਕ ਦੀ ਉਮਰ ਵਾਲੇ ਲੋਕ ਵੀ ਕਰ ਸਕਦੇ ਹਨ, ਜਦ ਕਿ 40 ਸਾਲ ਤੋਂ ਬਾਅਦ ਡਾਕਟਰ ਦੀ ਸਲਾਹ ਨਾਲ ਕਸਰਤ ਕਰ ਸਕਦੇ ਹਾਂ, ਜਦ ਕਿ ਯੋਗ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਲੋਕ ਵੀ ਤਾਕਤ ਅਨੁਸਾਰ ਕਰ ਸਕਦੇ ਹਨ |
ਹੋਰ ਕਸਰਤਾਂ ਨਾਲ ਸ਼ਕਤੀ ਖਰਚ ਹੁੰਦੀ ਹੈ ਜਦ ਕਿ ਯੋਗਾ ਆਸਣ ਨਾਲ ਸ਼ਕਤੀ ਹਾਸਿਲ ਕੀਤੀ ਜਾਂਦੀ ਹੈ |
ਕਸਰਤ ਨਾਲ ਬੁੱਧੀ ਦਾ ਵਿਕਾਸ ਨਹੀਂ ਹੁੰਦਾ, ਜਦ ਕਿ ਯੋਗਾ ਅਭਿਆਸ ਨਾਲ ਮਾਨਸਿਕ ਸ਼ਾਂਤੀ ਵਧਦੀ ਹੈ, ਮਨ ਇਕਾਗਰ ਰਹਿੰਦਾ ਹੈ |
ਹੋਰ ਕਸਰਤਾਂ ਨਾਲ ਫੇਫੜੇ ਛੇਤੀ ਸਾਹ ਲੈਂਦੇ ਹਨ ਅਤੇ ਪ੍ਰਾਣ ਹਵਾ ਫੇਫੜਿਆਂ ਦੇ ਆਖਰੀ ਕੋਨੇ ਤੱਕ ਨਹੀਂ ਪਹੁੰਚ ਪਾਉਂਦੀ, ਜਦ ਕਿ ਯੋਗਾ ਅਭਿਆਸ ਨਾਲ ਫੇਫੜਿਆਂ ਦੇ ਫੈਲਣ ਅਤੇ ਸੁੰਗੜਨ ਦੀ ਸ਼ਕਤੀ ਵਧਦੀ ਹੈ, ਜਿਸ ਕਾਰਨ ਸਾਡੇ ਫੇਫੜੇ ਜ਼ਿਆਦਾ ਆਕਸੀਜਨ ਗ੍ਰਹਿਣ ਕਰ ਸਕਦੇ ਹਨ |
ਦੂਜੀਆਂ ਕਸਰਤਾਂ ਕਰਨ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਰਸ ਹਾਸਿਲ ਨਹੀਂ ਹੁੰਦੇ, ਜਦ ਕਿ ਯੋਗਾ ਅਭਿਆਸ ਨਾਲ ਬਹੁਤ ਸਾਰੀਆਂ ਰਸ ਗ੍ਰੰਥੀਆਂ ਸਰਗਰਮ ਰਹਿੰਦੀਆਂ ਹਨ |
ਔਰਤਾਂ ਨੂੰ ਵੀ ਯੋਗਾ ਪ੍ਰਤੀ ਚੌਕੰਨਾ ਰਹਿਣਾ ਚਾਹੀਦਾ ਹੈ, ਜਿਸ ਨਾਲ ਉਹ ਕਈ ਛੋਟੀਆਂ-ਛੋਟੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੀਆਂ ਹਨ, ਕਿਉਂਕਿ ਔਰਤਾਂ ਹੀ ਘਰ ਦਾ ਧੁਰਾ ਹੁੰਦੀਆਂ ਹਨ | ਉਨ੍ਹਾਂ ਦਾ ਸਿਹਤਮੰਦ ਤੇ ਸਹਿਣਸ਼ੀਲ ਹੋਣਾ ਜ਼ਰੂਰੀ ਹੈ |