11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਵੇ ਜਦੋਂ ਵਿਸਾਖੀ

ਅਜੀਤ ਡੈਸਕ 11-04-2026

ਕਣਕਾਂ ਦਾ ਰੰਗ ਹੋਇਆ ਸੁਨਹਿਰੀ, ਚੜ੍ਹਿਆ ਮਾਂਹ ਵਿਸਾਖ।
ਖੇਤ ਝੂਮਦੀ ਫ਼ਸਲ ਵੇਖ, ਕਿਸਾਨ ਨੂੰ ਬੱਝੀ ਆਸ।

ਸੋਨੇ ਵਾਂਗੂ ਲਿਸ਼ਕਣ ਬੱਲੀਆਂ, ਦੂਰੋਂ ਪੈਣ ਚਮਕਾਰੇ।
ਖੇਤ ਦੀ ਵੱਟ 'ਤੇ ਖੜ੍ਹਕੇ ਕਿਰਤੀ, ਫ਼ਸਲਾਂ ਨੂੰ ਨਿਹਾਰੇ।

ਛੇ ਮਹੀਨਿਆਂ ਦੀ ਮਿਹਨਤ ਉਸਦੀ ਭਰ ਜੋਬਨ 'ਤੇ ਆਈ।
ਮੀਂਹ, ਨ੍ਹੇਰੀ, ਝੱਖੜਾਂ ਤੋਂ ਬਚ ਕੇ , ਫ਼ਸਲ ਖ਼ੂਬ ਲਹਿਰਾਈ।

ਖੁਸ਼ੀਆਂ, ਖੇੜੇ ਡੁੱਲ੍ਹ-ਡੁੱਲ੍ਹ ਪੈਂਦੇ, ਆਵੇ ਜਦੋਂ ਵਿਸਾਖੀ।
ਪੱਕੀਆਂ ਫ਼ਸਲਾਂ ਮਾਰਨ 'ਵਾਜ਼ਾਂ, ਮੁੱਕ ਜਾਂਦੀ ਫਿਰ ਰਾਖ਼ੀ।

ਲੋਕੀਂ ਸੋਹਣੇ ਕੱਪੜੇ ਪਾ ਕੇ, ਮੇਲੇ ਦੇ ਵਿਚ ਆਉਂਦੇ।
ਗੁਰੂ ਘਰਾਂ ਵਿਚ ਸ਼ਰਧਾ ਦੇ ਨਾਲ, ਝੁਕ ਕੇ ਸੀਸ ਨਿਵਾਉਂਦੇ।

ਢਾਡੀ ਅਤੇ ਕਵੀਸ਼ਰ ਗਾਉਂਦੇ, ਸੂਰਮਿਆਂ ਦੀਆਂ ਵਾਰਾਂ।
ਰਣ ਭੂਮੀ ਵਿਚ ਜਿਨ੍ਹਾਂ ਯੋਧਿਆਂ, ਮੰਨੀਆਂ ਕਦੇ ਨਾ ਹਾਰਾਂ।

ਮੇਲੇ ਦੇ ਵਿਚ ਭਾਂਤ-ਭਾਂਤ ਦੀਆਂ, ਸਜੀਆਂ ਖ਼ੂਬ ਦੁਕਾਨਾਂ।
ਤੱਤੀਆਂ ਜਲੇਬੀਆਂ, ਗਰਮ ਪਕੌੜੇ, ਨਾਲੇ ਪਿਆ ਬਦਾਨਾ।

ਅੰਬਰਾਂ ਦੇ ਨਾਲ ਖਹਿ-ਖਹਿ ਲੰਘਣ, ਝੂਲਣ ਜਦੋਂ ਚੰਡੋਲਾਂ।
ਲੋਕ ਬੈਠ ਕੇ ਲੈਂਦੇ ਝੂਟੇ, ਕਰਦੇ ਖ਼ੂਬ ਕਲੋਲਾਂ।

ਖੁਸ਼ੀਆਂ ਅਤੇ ਬਹਾਰਾਂ ਲੈ ਕੇ, ਇਹ ਤਿਉਹਾਰ ਹੈ ਆਉਂਦਾ।
ਢੋਲ-ਢਮੱਕੇ ਪੈਣ ਭੰਗੜੇ, ਹਰ ਵਿਹੜਾ ਰੁਸ਼ਨਾਉਂਦਾ।

-ਪਿੰਡ : ਘੜੈਲੀ (ਬਠਿੰਡਾ)
ਮੋਬਾਈਲ : 79860-63165

ਪਿਛਲੀ ਖ਼ਬਰ ਵਿਸਾਖੀ * ਹਰਿੰਦਰ ਸਿੰਘ ਗੋਗਨਾ * ਅਗਲੀ ਖ਼ਬਰ ਮਜ਼ਦੂਰਾਂ ਦਾ ਗੂੰਜਿਆ ਰੋਸ, A.S.P. Dheerendra Verma ਨੇ ਦਿੱਤਾ ਇਨਸਾਫ਼ ਦਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।