ਲੱਕੜੀ ਦੇ ਫਰਨੀਚਰ ਦਾ ਰਿਵਾਜ ਬਹੁਤ ਸਮੇਂ ਤੋਂ ਚੱਲਿਆ ਆ ਰਿਹਾ ਹੈ ਅਤੇ ਫਿਰ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਤਾਂ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਇਸ ਦੇ ਬਿਨਾਂ ਤਾਂ ਬੰਗਲੇ, ਜਿਥੋਂ ਤੱਕ ਕਿ ਸਾਧਾਰਨ ਘਰਾਂ ਦੀ ਸ਼ੋਭਾ ਹੀ ਨਹੀਂ ਬਣਦੀ। ਇਹ ਹਰੇਕ ਘਰ ਵਿਚ ਦੇਖਣ ਨੂੰ ਮਿਲਦਾ ਹੈ।
ਜਦੋਂ ਇਸ ਦਾ ਰਿਵਾਜ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਏਨਾ ਜ਼ਰੂਰੀ ਹੋ ਗਿਆ ਹੈ ਤਾਂ ਸਾਨੂੰ ਇਸ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਵੀ ਹੋਣੀ ਚਾਹੀਦੀ। ਆਓ, ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਫਰਨੀਚਰ ਨੂੰ ਕਿਸ ਤਰ੍ਹਾਂ ਸਾਫ਼ ਤੇ ਸੁਰੱਖਿਅਤ ਰੱਖ ਸਕਦੇ ਹੋ।
ਤਿੰਨ ਹਿੱਸੇ ਪਾਣੀ ਤੇ ਇਕ ਹਿੱਸਾ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਲਕੜੀ ਦੇ ਫਰਨੀਚਰ 'ਤੇ ਰਗੜਨ ਨਾਲ ਉਸ ਵਿਚ ਚਮਕ ਆ ਜਾਂਦੀ ਹੈ।
ਸਾਬਣ, ਪਾਣੀ ਤੇ ਤਾਰਪੀਨ ਦੇ ਤੇਲ ਦਾ ਘੋਲ ਫਰਨੀਚਰ 'ਤੇ ਲਗਾਓ ਤੇ ਫਿਰ ਸੁੱਕ ਜਾਣ ਦੇ ਬਾਅਦ ਕਿਸੇ ਕੱਪੜੇ ਨਾਲ ਰਗੜੋ ਤਾਂ ਉਸ ਵਿਚ ਚਮਕ ਆਉਂਦੀ ਹੈ।
ਜੇਕਰ ਫਰਨੀਚਰ 'ਤੇ ਜਲਨ ਦੇ ਨਿਸ਼ਾਨ ਹੋਣ ਤਾਂ ਰੂੰ ਨੂੰ ਪੈਰਾਫਿਨ ਵਿਚ ਡੁਬੋ ਕੇ ਰਗੜਨ ਨਾਲ ਨਿਸ਼ਾਨ ਮਿਟ ਜਾਂਦੇ ਹਨ। ਲੱਕੜੀ ਦੇ ਸਾਮਾਨ 'ਤੇ ਪੇਂਟ ਕਰਨ ਦੇ ਬਾਅਦ ਉਂਗਲੀਆਂ ਦੇ ਨਿਸ਼ਾਨ ਰਹਿ ਜਾਣ ਤਾਂ ਕੈਰੋਸਿਨ ਵਿਚ ਭਿੱਜੇ ਕੱਪੜੇ ਨੂੰ ਉਸ ਥਾਂ 'ਤੇ ਰਗੜ ਦਿਓ।
ਲੱਕੜੀ ਦੇ ਸਾਮਾਨ 'ਤੇ ਚਮਕ ਲਿਆਉਣ ਲਈ ਸਰੋਂ ਤੇ ਮਿੱਟੀ ਦੇ ਤੇਲ ਨਾਲ ਸਫ਼ਾਈ ਕਰੋ।
ਹਲਕੇ ਰੰਗ ਦੇ ਫਰਨੀਚਰ 'ਤੇ ਖਰੋਂਚ ਦੇ ਨਿਸ਼ਾਨ ਪੈ ਜਾਣ 'ਤੇ ਅਖਰੋਟ ਦਾ ਗੁੱਦਾ ਲਗਾ ਦਿਓ। ਗੂੜ੍ਹੇ ਰੰਗ ਦੇ ਫਰਨੀਚਰ ਲਈ ਆਇਓਡੀਨ ਲਗਾਉਣਾ ਲਾਭਕਾਰੀ ਹੈ। ਇਕ ਚਮਚ ਸਿਰਕਾ, 1 ਵੱਡੇ ਚਮਚ ਜੈਤੂਨ ਦਾ ਤੇਲ ਨੂੰ ਗਰਮ ਪਾਣੀ ਵਿਚ ਮਿਲਾ ਕੇ ਫਰਨੀਚਰ 'ਤੇ ਲਗਾਉਣ ਨਾਲ ਉਸ ਵਿਚ ਚਮਕ ਆ ਜਾਂਦੀ ਹੈ। ਧਿਆਨ ਰਹੇ ਕਿ ਇਸ ਘੋਲ ਨੂੰ ਲਗਾਉਣ ਤੋਂ ਪਹਿਲਾਂ ਫਰਨੀਚਰ ਤੋਂ ਮਿੱਟੀ ਆਦਿ ਚੰਗੀ ਤਰ੍ਹਾਂ ਪੂੰਝ ਦਿਓ।
ਲੱਕੜੀ ਦੇ ਫਰਨੀਚਰ 'ਤੇ ਚਿਕਨਾਈ ਦੇ ਦਾਗ਼ ਲੱਗਣ 'ਤੇ ਪਾਣੀ ਅਤੇ ਸਟਾਰਚ ਦਾ ਘੋਲ ਲਗਾਓ। ਥੋੜ੍ਹੀ ਦੇਰ ਬਾਅਦ ਜਦੋਂ ਉਹ ਸੁੱਕ ਜਾਵੇ ਤਾਂ ਸਾਫ਼ ਕੱਪੜੇ ਨਾਲ ਰਗੜ ਦਿਓ। ਚਿਕਨਾਈ ਦੇ ਦਾਗ਼-ਧੱਬੇ ਮਿਟ ਜਾਣਗੇ।
ਫਰਨੀਚਰ ਨੂੰ ਸੁਰੱਖਿਅਤ ਕਿਸ ਤਰ੍ਹਾਂ ਰੱਖੀਏ?
ਅਜੀਤ ਡੈਸਕ
04-06-2026