ਮਹਾਨ ਦਾਰਸ਼ਨਿਕ ਓਸ਼ੋ ਦਾ ਕਹਿਣਾ ਹੈ ਕਿ ਤੁਸੀਂ ਜੋ ਕਰਦੇ ਹੋ, ਜੇ ਉਹ ਪੁਰਾਣੀ ਲੀਕ ਤੋਂ ਹਟ ਕੇ ਹੈ, ਲੋਕ ਉਸ ਵੱਲ ਧਿਆਨ ਦੇਣਗੇ। ਜੇ ਘਸੀ-ਪਿਟੀ ਲੀਹ ਉੱਤੇ ਚਲਦੇ ਹਾਂ ਅਸੀਂ ਅਣਗੌਲੇ ਰਹਿ ਜਾਵਾਂਗੇ। ਅਣਗੌਲੇ ਲੋਕਾਂ ਦੇ ਅਣਗੌਲੇ ਕੰਮਾਂ ਪ੍ਰਤੀ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਸ਼ਾਇਦ ਇਸੇ ਕਾਰਨ ਸੰਗਰੂਰ ਵਿਚ ਡਾ. ਜੋਤੀ ਗੁਪਤਾ ਨੇ ਵਿਲੱਖਣ ਅਤੇ ਖ਼ੂਬਸੂਰਤ ਰਾਹ ਅਪਣਾਇਆ ਹੈ। 2 ਸਾਲਾਂ ਵਿਚ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਵਿਚ 100 ਤੋਂ ਵੱਧ ਸਰਕਾਰੀ ਸਕੂਲਾਂ ਵਿਚ ਜਾ ਕੇ 5 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਮਨ ਪੜ੍ਹ ਕੇ ਉਨ੍ਹਾਂ ਨੂੰ ਭਵਿੱਖ ਵਿਚ ਅੱਗੇ ਵਧਣ ਲਈ ਸਲਾਹ ਦੇਣ ਅਤੇ ਪ੍ਰੇਰਿਤ ਕਰਨ ਵਾਲੇ ਡਾ. ਜੋਤੀ ਗੁਪਤਾ ਨੇ ਹੁਣ ਆਪਣੇ ਇਸ ਕਾਰਜ ਨੂੰ ਅੱਗੇ ਵਧਾਉਣ ਲਈ ਹੁਣ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੱਕ ਵੀ ਪਹੁੰਚ ਸ਼ੁਰੂ ਕਰ ਦਿੱਤੀ ਹੈ। ਡਾ. ਜੋਤੀ ਨੇ ਆਪਣੇ ਇਸ ਨਿਵੇਕਲੇ ਪ੍ਰਾਜੈਕਟ ਲਈ ਸ਼ੁਰੂ ਵਿਚ ਸਕੂਲਾਂ ਨਾਲ ਖ਼ੁਦ ਰਾਬਤਾ ਕਰਨਾ ਸ਼ੁਰੂ ਕੀਤਾ ਅਤੇ ਆਪਣੇ ਪ੍ਰਾਜੈਕਟ ਬਾਰੇ ਸਕੂਲ ਮੁਖੀਆਂ ਨੂੰ ਸੁਣਨ ਲਈ ਤਿਆਰ ਕਰ ਲਿਆ। ਵੈਸੇ ਤਾਂ ਸ਼ੁਰੂ ਵਿਚ ਏਨਾ ਹੀ ਕਾਫ਼ੀ ਸੀ ਪਰ ਡਾ. ਜੋਤੀ ਨੇ ਉਨ੍ਹਾਂ ਦੀ ਨਾ ਕੇਵਲ ਇਸ ਪ੍ਰਾਜੈਕਟ ਪ੍ਰਤੀ ਦਿਲਚਸਪੀ ਪੈਦਾਕੀਤੀ ਸਗੋਂ ਉਨ੍ਹਾਂ ਨੂੰ ਇਸ ਗੱਲ ਲਈ ਵੀ ਤਿਆਰ ਕਰ ਲਿਆ ਕਿ ਵਿਦਿਆਰਥੀਆਂ ਤੱਕ ਇਹ ਗੱਲ ਪਹੁੰਚਾਈ ਜਾਵੇ। ਅੱਜ ਇਹ ਪ੍ਰਾਜੈਕਟ ਵਿਖਾਈ ਦੇਣ ਲੱਗਿਆ ਹੈ। ਸਥਿਤੀ ਇਹ ਹੈ ਕਿ ਸਰਕਾਰੀ ਅਤੇ ਨਿੱਜੀ ਸਕੂਲ ਡਾ. ਜੋਤੀ ਤੋਂ ਸਮਾਂ ਮੰਗਣ ਲੱਗੇ ਹਨ।
ਇਸ ਸਾਲ ਡਾ. ਜੋਤੀ ਨੇ ਪਿਛਲੇ ਸਾਲ ਵਾਂਗ 100 ਸਕੂਲਾਂ ਦੇ ਤਕਰੀਬਨ 5 ਹਜ਼ਾਰ ਵਿਦਿਆਰਥੀਆਂ ਨੂੰ ਇਸ ਪ੍ਰਾਜੈਕਟ ਅਧੀਨ ਲਿਆਉਣ ਦਾ ਮਨ ਬਣਾਇਆ ਹੈ। ਖ਼ੂਬਸੂਰਤ ਗੱਲ ਇਹ ਹੈ ਕਿ ਉਹ ਕੇਵਲ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਹੀ ਸਲਾਹ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਚੰਗੇਰੇ ਰੁਜ਼ਗਾਰ ਲਈ ਮਾਰਗਦਰਸ਼ਨ ਵੀ ਦਿੰਦੇ ਹਨ।
ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਫਰੈਂਚ ਭਾਸ਼ਾ ਦੇ ਮਾਹਿਰ ਡਾ. ਜੋਤੀ ਗੁਪਤਾ ਨੂੰ ਫਲੋਰਾਈਡਾ ਦੇ ਐਮ.ਟੀ. ਕਾਲਜ ਵਲੋਂ 2021 ਵਿਚ 'ਡਾਕਟਰ ਆਫ਼ ਫਿਲਾਸਫ਼ੀ' ਦੀ ਡਿਗਰੀ ਪ੍ਰਦਾਨ ਕੀਤੀ ਗਈ। ਮਨੋਵਿਗਿਆਨ ਵਿਚ ਡਿਪਲੋਮਾ ਹੋਲਡਰ ਡਾ. ਜੋਤੀ ਗੁਪਤਾ ਦੱਸਦੇ ਹਨ ਕਿ ਜਦ ਉਨ੍ਹਾਂ ਨੂੰ ਵੱਖ-ਵੱਖ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਸਹੀ ਅਗਵਾਈ ਦੇਣ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਇਕੱਲੇ-ਇਕੱਲੇ ਵਿਦਿਆਰਥੀ ਨਾਲ ਗੱਲ ਕਰਦੇ ਹਨ। ਉਸ ਦੀ ਰੁਚੀ ਪੁੱਛੀ ਜਾਂਦੀ ਹੈ। ਉਸ ਦੇ ਮਨ ਮਸਤਕ ਦੀ ਸਮਰੱਥਾ ਵੇਖੀ ਜਾਂਦੀ ਹੈ ਅਤੇ ਫਿਰ ਉਸ ਨੂੰ ਅਗਵਾਈ ਦਿੱਤੀ ਜਾਂਦੀ ਹੈ ਕਿ ਉਸ ਲਈ ਕਿਹੜਾ ਖੇਤਰ ਠੀਕ ਰਹੇਗਾ। ਸੰਗਰੂਰ ਵਿਚ ਨੰਨ੍ਹੇ-ਮੁੰਨੇ ਬੱਚਿਆਂ ਲਈ ਪ੍ਰੀ-ਨਰਸਰੀ ਸਕੂਲ ਦੇ ਸਹਿ ਸੰਚਾਲਕ ਡਾ. ਜੋਤੀ ਗੁਪਤਾ ਦੱਸਦੇ ਹਨ ਕਿ ਉਹ ਸਕੂਲੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਾਰੇ ਵੀ ਅਗਵਾਈ ਦਿੰਦੇ ਹਨ ਤਾਂ ਜੋ ਬੱਚਾ ਸਹੀ ਦਿਸ਼ਾ ਤੇ ਦਸ਼ਾ ਫੜ ਸਕੇ। ਡਾ. ਜੋਤੀ ਨੂੰ ਸਮਾਜ ਵਿਚ ਵਿਚਰਨ ਦਾ ਸ਼ੌਕ ਹੈ, ਲੋੜਵੰਦਾਂ ਦੀ ਮਦਦ ਲਈ ਉਨ੍ਹਾਂ ਦੇ ਹੱਥ ਹਮੇਸ਼ਾ ਅੱਗੇ ਰਹਿੰਦੇ ਹਨ। ਸ. ਬਸੰਤ ਸਿੰਘ ਖ਼ਾਲਸਾ ਯਾਦਗਾਰੀ ਟਰੱਸਟ ਦੇ ਜਨਰਲ ਸਕੱਤਰ ਡਾ. ਜੋਤੀ ਗੁਪਤਾ ਨੂੰ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਵਿਚ ਅਗਲੇਰੀ ਭੂਮਿਕਾ ਨਿਭਾਉਂਦਿਆਂ ਅਕਸਰ ਵੇਖਿਆ ਜਾਂਦਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਇਹ ਸ਼ੌਕ ਪੂਰੇ ਕਰਨ ਲਈ ਉਨ੍ਹਾਂ ਦੇ ਜੀਵਨ ਸਾਥੀ ਵਿਸ਼ਾਲ ਗੋਇਲ ਐਡਵੋਕੇਟ ਵਲੋਂ ਪੂਰਾ ਸਹਿਯੋਗ ਮਿਲਦਾ ਹੈ।
-ਇੰਚਾਰਜ,
'ਅਜੀਤ' ਉੱਪ-ਦਫ਼ਤਰ, ਸੰਗਰੂਰ।
ਮੋਬਾਈਲ : 98142-82543