12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਏ.ਐੱਫ.ਸੀ. ਮਹਿਲਾ ਏਸ਼ੀਆ ਕੱਪ 2026 ਜਪਾਨ ਦੀ ਟੀਮ ਤੀਜੀ ਵਾਰ ਬਣੀ 'ਏਸ਼ੀਆ ਦੀ ਰਾਣੀ'

ਅਜੀਤ ਡੈਸਕ 31-03-2026

21 ਮਾਰਚ, 2026 ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਸਮਾਪਤ ਹੋਏ ਫੁੱਟਬਾਲ ਮਹਿਲਾ ਏਸ਼ੀਆ ਕੱਪ ਦੇ 21ਵੇਂ ਐਡੀਸ਼ਨ ਵਿਚ ਜਪਾਨ ਨੇ ਆਸਟ੍ਰੇਲੀਆ ਨੂੰ ਹਰਾ ਕੇ ਤੀਜੀ ਵਾਰ ਖ਼ਿਤਾਬ 'ਤੇ ਕਬਜ਼ਾ ਕਰ ਲਿਆ। ਕੁਆਲੀਫਾਈ ਕੀਤੀਆਂ 12 ਟੀਮਾਂ ਨੂੰ ਤਿੰਨ ਗਰੁੱਪਾਂ ਵਿਚ ਵੰਡ ਕੇ ਗਰੁੱਪ ਮੈਚ ਕਰਵਾਏ ਗਏ ਸਨ। ਨਾਕਆਊਟ ਕੁਆਰਟਰ ਫਾਈਨਲ ਮੈਚਾਂ ਵਿਚ ਜਪਾਨ ਨੇ ਫ਼ਿਲੀਪੀਨਸ ਨੂੰ 7 0 ਨਾਲ, ਦੱਖਣੀ ਕੋਰੀਆ ਨੇ ਉਜ਼ਬੇਕਿਸਤਾਨ ਨੂੰ 6 0 ਨਾਲ, ਚੀਨ ਨੇ ਤਾਈਪੇਅ ਨੂੰ 2 0 ਨਾਲ ਤੇ ਆਸਟ੍ਰੇਲੀਆ ਨੇ ਉੱਤਰੀ ਕੋਰੀਆ ਨੂੰ 2 1 ਨਾਲ ਹਰਾਇਆ। ਜਪਾਨ ਟੀਮ ਸੈਮੀਫਾਈਨਲ ਵਿਚ ਇਕ ਵਾਰ ਫਿਰ ਚਮਕੀ, ਜਦੋਂ ਇਸ ਨੇ ਦੱਖਣੀ ਕੋਰੀਆ ਨੂੰ 4 1 ਦੇ ਫ਼ਰਕ ਨਾਲ ਹਰਾ ਦਿੱਤਾ। ਦੂਜੇ ਸੈਮੀਫਾਈਨਲ ਵਿਚ ਚੀਨ ਆਸਟ੍ਰੇਲੀਆ ਤੋਂ 2 1 ਨਾਲ ਹਾਰ ਗਈ। ਫਾਈਨਲ ਵਿਚ ਪਹੁੰਚੀਆਂ ਜਪਾਨ ਤੇ ਆਸਟ੍ਰੇਲੀਆ ਟੀਮਾਂ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ ਅਤੇ ਜਪਾਨ ਨੇ ਆਸਟ੍ਰੇਲੀਆਂ ਨੂੰ 1 0 ਨਾਲ ਹਰਾ ਕੇ ਕੱਪ 'ਤੇ ਕਬਜ਼ਾ ਕਰ ਲਿਆ। ਜਪਾਨ ਦੀ ਮਹਿਲਾ ਫੁੱਟਬਾਲ ਟੀਮ ਏਸ਼ੀਆ ਕੱਪ ਦੀ ਤੀਜੀ ਵਾਰ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਇਸ ਟੀਮ ਨੇ 2014 ਤੇ 2018 ਵਿਚ ਇਹ ਕੱਪ ਜਿੱਤਿਆ ਸੀ। ਦਿਲਚਸਪੀ ਦੀ ਗੱਲ ਇਹ ਹੈ ਕਿ ਜਪਾਨ ਨੇ ਏਸ਼ੀਆ ਕੱਪ ਦੇ ਤਿੰਨੋਂ ਫਾਈਨਲ ਮੈਚਾਂ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਦੇ ਨਾਲ ਹੀ 2027 ਵਿਚ ਬ੍ਰਾਜ਼ੀਲ ਵਿਖੇ ਹੋਣ ਵਾਲੇ ਫੀਫਾ ਮਹਿਲਾ ਵਿਸ਼ਵ ਕੱਪ ਲਈ ਏਸ਼ੀਆ ਦੀਆਂ ਛੇ ਟੀਮਾਂ ਜਪਾਨ, ਆਸਟ੍ਰੇਲੀਆ, ਚੀਨ, ਦੱਖਣੀ ਕੋਰੀਆ, ਉੱਤਰੀ ਕੋਰੀਆ ਤੇ ਫਿਲੀਪੀਨਸ ਚੁਣ ਲਈਆਂ ਗਈਆਂ ਹਨ। ਜਪਾਨ ਦੀ ਰੀਕੋ ਯੂਏਕੀ 6 ਗੋਲ ਕਰਕੇ ਟੂਰਨਾਮੈਂਟ ਦੀ ਟਾਪ ਸਕੋਰਰ ਰਹੀ, ਜਦਕਿ 5 ਗੋਲ ਕਰਨ ਵਾਲੀ ਆਸਟ੍ਰੇਲੀਆ ਦੀ ਖਿਡਾਰਨ ਅਲਾਨਾ ਕੈਨੇਡੀ ਨੂੰ ਟੂਰਨਾਮੈਂਟ ਦੀ ਸਰਬੋਤਮ ਖਿਡਾਰਨ ਐਲਾਨਿਆ ਗਿਆ। ਫੁੱਟਬਾਲ ਖੇਡ 'ਚ ਗੋਲਕੀਪਰ ਵਿਰੋਧੀ ਟੀਮ ਦੇ ਗੋਲਾਂ ਨੂੰ ਰੋਕ ਕੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਜਪਾਨ ਦੀ ਗੋਲਕੀਪਰ ਅਇਯਾਕਾ ਯਾਮਾਸ਼ਿਤਾ ਨੂੰ ਟੂਰਨਾਮੈਂਟ ਦੀ ਸਰਬੋਤਮ ਗੋਲਕੀਪਰ ਐਲਾਨਿਆ ਗਿਆ। ਗੱਲ ਕਰੀਏ ਭਾਰਤੀ ਮਹਿਲਾ ਟੀਮ ਦੀ ਤਾਂ ਇਹ ਟੀਮ ਗਰੁੱਪ ਸੀ ਦੇ ਆਪਣੇ ਤਿੰਨੇ ਹੀ ਮੈਚ ਹਾਰ ਗਈ ਸੀ। ਵੱਡੀ ਨਮੋਸ਼ੀ ਦੀ ਗੱਲ ਤਾਂ ਹੈ ਕਿ ਭਾਰਤੀ ਟੀਮ ਨੂੰ ਜਪਾਨ ਹੱਥੋਂ 11 0 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਹੁਸ਼ਿਆਰਪੁਰ 'ਚ ਜਨਮੀ ਮਨੀਸ਼ਾ ਕਲਿਆਨ ਨੇ ਚੀਨੀ ਤਾਈਪੇਈ ਟੀਮ ਵਿਰੁੱਧ ਇਕ ਗੋਲ ਕੀਤਾ ਸੀ। ਇਹ ਮੈਚ ਭਾਰਤੀ ਟੀਮ 1 3 ਦੇ ਫ਼ਰਕ ਨਾਲ ਹਾਰ ਗਈ ਸੀ। ਇਹ ਟੂਰਨਾਮੈਂਟ 2028 ਦੀਆਂ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਚੁਣੀਆਂ ਜਾਣ ਵਾਲੀਆਂ ਦੋ ਟੀਮਾਂ ਦਾ ਆਧਾਰ ਵੀ ਬਣੇਗਾ। ਏਸ਼ੀਆ ਕੱਪ ਦੀਆਂ ਕੁਆਰਟਰ ਫਾਈਨਲ ਦੀਆਂ ਅੱਠ ਟੀਮਾਂ 'ਚੋਂ ਕੁਆਲੀਫਾਈਂਗ ਟੂਰਨਾਮੈਂਟ ਰਾਹੀਂ ਉਲੰਪਿਕ ਖੇਡਾਂ 2028 ਲਈ ਦੋ ਟੀਮਾਂ ਚੁਣੀਆਂ ਜਾਣਗੀਆਂ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

ਪਿਛਲੀ ਖ਼ਬਰ 25 ਲੱਖ ਬੱਚਿਆਂ ਦੀ ਜ਼ਿੰਦਗੀ ਬਦਲਣ ਵਾਲਾ ਟੈਨਿਸ ਖਿਡਾਰੀ ਰੋਜਰ ਫੈਡਰਰ ਅਗਲੀ ਖ਼ਬਰ ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਨੇ ਪੰਜਾਬ ਹਾਕੀ ਨੂੰ ਦਿੱਤੀ ਨਵੀਂ ਉਡਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।