ਜਲੰਧਰ ਦੀ ਧਰਤੀ 'ਤੇ ਹੋਇਆ 'ਭੁਲੱਥ ਹਾਕੀ ਕੱਪ-2006 ਵਿਸ਼ਾਲ ਹਾਕੀ ਟੂਰਨਾਮੈਂਟ' ਸਿਰਫ਼ ਇਕ ਖੇਡ ਮੁਕਾਬਲਾ ਨਹੀਂ ਸੀ, ਇਹ ਪੰਜਾਬੀਅਤ, ਸਮਰਪਣ ਤੇ ਪ੍ਰਵਾਸੀ ਭਾਰਤੀਆਂ ਦੇ ਅਟੁੱਟ ਪਿਆਰ ਦੀ ਜਿਊਂਦੀ ਜਾਗਦੀ ਮਿਸਾਲ ਸੀ। ਇਸ ਨੇ ਸਾਬਿਤ ਕੀਤਾ ਕਿ ਹਾਕੀ ਅੱਜ ਵੀ ਪੰਜਾਬ ਦੀਆਂ ਰਗਾਂ 'ਚ ਦੌੜਦੀ ਹੈ। ਆਸਟ੍ਰੇਲੀਆ ਨਿਵਾਸੀ ਪ੍ਰਵਾਸੀ ਭਾਰਤੀ ਮੋਹਨਬੀਰ ਸਿੰਘ ਬੱਲ (ਬੱਲ ਇਨਕਾਰਪੋਰੇਸ਼ਨ ਆਸਟ੍ਰੇਲੀਆ) ਨੇ ਆਪਣੇ ਪਿਤਾ ਸਵ. ਅਵਤਾਰ ਸਿੰਘ ਬੱਲ ਦੀ ਯਾਦ 'ਚ ਇਹ ਹਾਕੀ ਦਾ ਮਹਾਂਕੁੰਭ ਕਰਾਉਣ ਦੀ ਪਲੇਠੀ ਪਹਿਲ ਕੀਤੀ ਤੇ ਇਸ ਨੂੰ ਸਫ਼ਲ ਬਣਾਉਣ ਲਈ ਪਰਮਿੰਦਰ ਸਿੰਘ ਸੰਧੂ ਆਸਟ੍ਰੇਲੀਆ, ਗੁਰਜੀਤ ਸਿੰਘ ਪੱਟੀ ਆਸਟ੍ਰੇਲੀਆ ਤੇ ਜਲੰਧਰ ਤੋਂ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਐਸ.ਪੀ. ਤੇਜਬੀਰ ਸਿੰਘ ਹੁੰਦਲ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਦੇ ਕੇ ਇਸ ਨੂੰ ਦੇਸ਼ ਦਾ ਹੁਣ ਤੱਕ ਤੇ ਹਾਕੀ ਦੇ ਇਤਿਹਾਸ 'ਚ ਸਭ ਤੋਂ ਵੱਡਾ 15 ਲੱਖ ਦੀ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਬਣਾ ਕੇ ਇਕ ਮਿਸਾਲ ਪੈਦਾ ਕੀਤੀ। ਪ੍ਰਵਾਸੀ ਭਾਰਤੀਆਂ ਦਾ ਇਹ ਉਪਰਾਲਾ ਸਿਰਫ਼ ਪੈਸੇ ਤੱਕ ਸੀਮਤ ਨਹੀਂ ਸੀ, ਸਗੋਂ ਇਕ ਮਿਸ਼ਨ ਸੀ ਪੰਜਾਬ ਹਾਕੀ ਨੂੰ ਮੁੜ ਦੁਨੀਆ ਦੇ ਸਿਖ਼ਰ 'ਤੇ ਲਿਜਾਣਾ ਅਤੇ ਖਿਡਾਰੀਆਂ ਨੂੰ ਸ਼ਾਨਦਾਰ ਮੰਚ ਪ੍ਰਦਾਨ ਕਰਨਾ। ਇਸ ਮੌਕੇ ਹਰ ਪਹਿਲੇ ਗੋਲ 'ਤੇ 50 ਹਜ਼ਾਰ ਤੋਂ 1 ਲੱਖ ਤੇ 2 ਲੱਖ ਤੱਕ ਦੇ ਨਕਦ ਇਨਾਮ ਖਿਡਾਰੀਆਂ ਨੂੰ ਦਿੱਤੇ ਗਏ। 2001 ਦੀ ਜੂਨੀਅਰ ਵਿਸ਼ਵ ਹਾਕੀ ਕੱਪ ਜੇਤੂ ਟੀਮ ਦੇ ਖਿਡਾਰੀਆਂ ਨੂੰ ਸੋਨ ਤਗਮਿਆਂ ਤੇ ਸਿੱਕਿਆਂ ਨਾਲ ਸਨਮਾਨਿਤ ਕੀਤਾ ਗਿਆ। ਪੈਰਿਸ ਤੇ ਟੋਕੀਓ ਉਲੰਪਿਕ ਦੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਦਰਸ਼ਕਾਂ ਲਈ ਬੁਲਟ ਮੋਟਰਸਾਈਕਲ ਤੇ ਸਰਬਤੋਮ ਖਿਡਾਰੀਆਂ ਨੂੰ ਐਲ.ਸੀ.ਡੀ. ਤੇ ਹੋਰ ਵੱਡੇ ਤੇ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। ਜਲੰਧਰ ਦਾ ਇਹ ਹਾਕੀ ਟੂਰਨਾਮੈਂਟ ਸਿਰਫ਼ ਇਕ ਖੇਡ ਮੁਕਾਬਲਾ ਨਹੀਂ ਸੀ, ਇਹ ਪੰਜਾਬ ਦੇ ਖੇਡ ਸੱਭਿਆਚਾਰ ਦਾ ਮਹਾਂਕੁੰੰਭ ਸੀ। ਹਾਕੀ ਇੰਡੀਆ ਨੇ ਵੀ ਇਸ ਟੂਰਨਾਮੈਂਟ ਤੋਂ ਨਵੀਂ ਉਮੀਦ ਜਗਾਈ ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ 'ਚ ਇਸ ਟੂਰਨਾਮੈਂਟ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਇਆ ਜਾਵੇਗਾ। ਇਸ ਨਾਲ ਖਿਡਾਰੀਆਂ ਨੂੰ ਪਿੰਡਾਂ 'ਚ ਵੱਡੇ ਮੌਕੇ ਮਿਲਣਗੇ, ਜਿਸ ਨਾਲ ਪੰਜਾਬ ਮੁੜ ਹਾਕੀ ਦਾ ਕੇਂਦਰ ਬਣੇਗਾ ਤੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਨਵੇਂ ਚੈਂਪੀਅਨ ਮਿਲਣ ਦੀ ਆਸ ਵੀ ਬੱਝੀ ਹੈ। ਭੁਲੱਥ ਹਾਕੀ ਟੂਰਨਾਮੈਂਟ ਜਲੰਧਰ ਦੇ ਹਾਕੀ ਮੈਦਾਨ 'ਤੇ ਸਿਰਫ਼ ਖੇਡਿਆ ਨਹੀਂ ਗਿਆ, ਇਸ ਨੇ ਲੱਖਾਂ ਹਾਕੀ ਖੇਡ ਪ੍ਰੇਮੀਆਂ ਦੇ ਦਿਲ ਵੀ ਜਿੱਤੇ। ਪ੍ਰਵਾਸੀ ਭਾਰਤੀਆਂ ਦਾ ਇਕ ਸੁਨੇਹਾ ਹੈ ਕਿ ਜਿੱਥੇ ਮਿੱਟੀ ਨਾਲ ਪਿਆਰ ਜ਼ਿੰਦਾ ਹੋਵੇ, ਉੱਥੇ ਖੇਡਾਂ ਸਿਰਫ਼ ਖੇਡਾਂ ਨਹੀਂ ਰਹਿੰਦੀਆਂ, ਉਹ ਇਤਿਹਾਸ ਬਣ ਜਾਂਦੀਆਂ ਹਨ। ਜੇ ਇਹੀ ਜਜ਼ਬਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਹਾਕੀ ਮੁੜ ਦੁਨੀਆ ਦੇ ਸਿਰ ਦਾ ਤਾਜ ਬਣੇਗੀ।
-ਮੋਬਾਈਲ : 98729-78781