20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਹਾੜਾਂ ਨਾਲ ਮੋਹ ਰੱਖਣ ਵਾਲੇ ਇੰਜੀ. ਗੁਰਸ਼ਰਨ ਸਿੰਘ ਬਾਹੀਆ ਦੀ ਜ਼ਿੰਦਾਦਿਲੀ ਦੀ ਦਾਸਤਾਨ

ਪਹਾੜਾਂ ਨਾਲ ਮੋਹ ਰੱਖਣ ਵਾਲੇ ਇੰਜੀ. ਗੁਰਸ਼ਰਨ ਸਿੰਘ ਬਾਹੀਆ ਦੀ ਜ਼ਿੰਦਾਦਿਲੀ ਦੀ ਦਾਸਤਾਨ

ਅਜੀਤ ਡੈਸਕ 20-10-2026

ਜੇ ਮਨ ਵਿਚ ਕੁਝ ਹਾਸਲ ਕਰਨ ਦਾ ਜਜ਼ਬਾ, ਸਰੀਰ 'ਚ ਤੰਦਰੁਸਤੀ ਤੇ ਨਵੀਆਂ ਚੁਣੌਤੀਆਂ ਨੂੰ  ਸਵੀਕਾਰ ਕਰਨ ਦਾ ਹੌਸਲਾ ਹੋਵੇ ਤਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ ਜਾ ਸਕਦੀਆਂ ਹਨ | ਅਜਿਹੀ ਸ਼ਖ਼ਸੀਅਤ ਹੀ ਹਨ ਇੰਜੀ. ਗੁਰਸ਼ਰਨ ਸਿੰਘ ਬਾਹੀਆ, ਜਿਨ੍ਹਾਂ ਨੂੰ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਬਤੌਰ ਉਪ ਮੁੱਖ ਇੰਜੀਨੀਅਰ/ਸਿਵਲ ਸੇਵਾਮੁਕਤ ਹੋਇਆਂ ਚਾਰ ਸਾਲ ਬੀਤ ਚੁੱਕੇ ਹਨ | ਉਨ੍ਹਾਂ ਦਾ ਜਨਮ 16  ਨਵੰਬਰ 1964 ਨੂੰ  ਪਿਤਾ ਸ. ਪ੍ਰੀਤਮ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ | ਉਹ ਸੇਵਾਮੁਕਤੀ ਉਪਰੰਤ ਆਪਣੇ ਗ੍ਰਹਿ ਕੁੱਕੜ ਪਿੰਡ (ਜ਼ਿਲ੍ਹਾ ਜਲੰਧਰ) ਵਿਚ ਪੱਕੇ ਤੌਰ 'ਤੇ ਵਸੇ ਹੋਏ ਹਨ | ਪਾਵਰਕਾਮ 'ਚ ਆਪਣੀਆਂ ਜ਼ਿੰਮੇਵਾਰੀਆਂ ਨੂੰ  ਪੂਰੀ ਸੰਜੀਦਗੀ ਨਾਲ ਨਿਭਾਉਣ ਵਾਲੇ ਇੰਜੀ. ਬਾਹੀਆ ਨੇ ਸੇਵਾਮੁਕਤੀ ਪਿੱਛੋਂ ਇਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ, ਜਿਸ 'ਚ ਪਹਾੜ, ਕੁਦਰਤ, ਟ੍ਰੈਕਿੰਗ ਤੇ ਬਾਈਕ ਰਾਈਡਿੰਗ ਉਨ੍ਹਾਂ ਦੇ ਸਾਥੀ ਬਣੇ |

ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਅਨੁਸਾਰ ਇੰਜੀ. ਬਾਹੀਆ ਦੀ ਕੁਦਰਤ ਪ੍ਰਤੀ ਵਿਸ਼ੇਸ਼ ਖਿੱਚ ਰਹੀ ਹੈ | ਸੰਘਣੇ ਜੰਗਲਾਂ 'ਚ ਟ੍ਰੈਕਿੰਗ ਕਰਨਾ, ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਸੁਣਨਾ, ਵਗਦੇ ਪਾਣੀ ਦੀਆਂ ਧਾਰਾਵਾਂ ਨੂੰ  ਨਿਹਾਰਨਾ ਅਤੇ ਉੱਚੇ ਪਹਾੜਾਂ ਦੀ ਖ਼ੂਬਸੂਰਤੀ ਉਨ੍ਹਾਂ ਨੂੰ  ਹਮੇਸ਼ਾ ਆਪਣੇ ਵੱਲ ਖਿੱਚਦੀ ਰਹੀ ਹੈ | 34 ਸਾਲ ਦੀ ਲੰਮੀ ਸੇਵਾ ਦੌਰਾਨ ਉਹ ਕੁਦਰਤ ਨਾਲ ਇਸ ਗੂੜ੍ਹੇ ਰਿਸ਼ਤੇ ਨੂੰ  ਆਪਣਾ ਪੂਰਾ ਸਮਾਂ ਨਹੀਂ ਦੇ ਸਕੇ, ਜਿਸ ਕਰਕੇ ਪਹਿਲਾਂ ਉਨ੍ਹਾਂ ਨੇ ਛੋਟੇ ਤੇ ਇਕ ਦਿਨ ਦੇ ਟ੍ਰੈਕ ਨਾਲ ਆਪਣੇ ਸ਼ੌਕ ਨੂੰ  ਅਮਲੀ ਰੂਪ ਦੇਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਇਹ ਸ਼ੌਕ ਇਕ ਜਨੂੰਨ 'ਚ ਬਦਲ ਗਿਆ | ਸਾਲ 2023 'ਚ ਭੂਟਾਨ ਦਾ ਡਰੂਕ-ਪਾਥ ਟ੍ਰੈਕ (ਲਗਭਗ 4,250 ਮੀਟਰ ਦੀ ਉਚਾਈ 'ਤੇ) ਉਨ੍ਹਾਂ ਦੇ ਵੱਡੇ ਟ੍ਰੈਕਿੰਗ ਸਫ਼ਰ ਦੀ ਮਹੱਤਵਪੂਰਨ ਸ਼ੁਰੂਆਤ ਬਣਿਆ | 2024 'ਚ ਐਵਰੈਸਟ ਬੇਸ ਕੈਂਪ ਟ੍ਰੈਕ (5,364 ਮੀਟਰ) ਅਤੇ ਕਸ਼ਮੀਰ ਗ੍ਰੇਟ ਲੇਕ ਟ੍ਰੈਕ (4,200 ਮੀਟਰ) ਪੂਰੇ ਕੀਤੇ | 2026 'ਚ ਮਾਰਦੀ ਹਿਮਾਲ ਟ੍ਰੈਕ (4,500 ਮੀਟਰ) ਅਤੇ ਅੰਨਾਪੂਰਨਾ ਬੇਸ ਕੈਂਪ ਟ੍ਰੈਕ (4,130 ਮੀਟਰ) ਨੂੰ  ਵੀ ਸਫਲਤਾਪੂਰਵਕ ਫ਼ਤਹਿ ਕੀਤਾ | ਇਹ ਸਿਰਫ਼ ਪਹਾੜੀ ਸਫ਼ਰ ਨਹੀਂ, ਸਗੋਂ ਉਨ੍ਹਾਂ ਲਈ ਆਪਣੇ-ਆਪ ਨੂੰ  ਚੁਣੌਤੀ ਦੇਣ, ਹੱਦਾਂ ਨੂੰ  ਪਰਖਣ ਅਤੇ ਕੁਦਰਤ ਦੇ ਹੋਰ ਨੇੜੇ ਜਾਣ ਦਾ ਸਾਧਨ ਬਣ ਚੁੱਕੇ ਹਨ | ਟ੍ਰੈਕਿੰਗ ਤੋਂ ਇਲਾਵਾ ਇੰਜੀ. ਬਾਹੀਆ ਬਾਈਕ ਰਾਈਡਿੰਗ ਦੇ ਵੀ ਸ਼ੌਕੀਨ ਹਨ | ਪਿਛਲੇ ਸਾਲ ਸਪੀਤੀ ਵੈਲੀ ਬਾਈਕ ਐਕਸਪੀਡੀਸ਼ਨ ਦੌਰਾਨ ਉਨ੍ਹਾਂ ਨੇ ਕੁੰਜਮ ਪਾਸ (4,551 ਮੀਟਰ) ਅਤੇ ਚੰਦਰਤਾਲ (4,300 ਮੀਟਰ) ਤੱਕ ਬਾਈਕ ਰਾਈਡ ਕੀਤੀ | ਹਾਲ ਹੀ 'ਚ ਕੀਤੀ ਲੱਦਾਖ ਬਾਈਕ ਐਕਸਪੀਡੀਸ਼ਨ ਉਨ੍ਹਾਂ ਦੇ ਸਾਹਸ ਤੇ ਜਜ਼ਬੇ ਦੀ ਇਕ ਹੋਰ ਮਿਸਾਲ ਬਣੀ | ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੋਟਰਯੋਗ ਸੜਕਾਂ 'ਚੋਂ ਇਕ ਉਮਿੰਗਲਾ (5,798 ਮੀਟਰ), ਖਾਰਦੁੰਗਲਾ (5,359 ਮੀਟਰ) ਅਤੇ ਸੰਕੂ-ਲਾ (5,091 ਮੀਟਰ) ਸਮੇਤ ਚੁਸ਼ੂਲ ਅਤੇ ਚੀਨ ਨਾਲ ਲਗਦੇ ਕਈ ਦੂਰ-ਦਰਾਜ ਇਲਾਕਿਆਂ 'ਚ ਬਾਈਕ ਰਾਈਡ ਕੀਤੀ |  
62 ਸਾਲ ਦੀ ਉਮਰ 'ਚ ਇੰਜੀ. ਬਾਹੀਆ ਦੀਆਂ ਇਹ ਪ੍ਰਾਪਤੀਆਂ ਉਨ੍ਹਾਂ ਦੇ ਜਨੂੰਨ, ਹਿੰਮਤ ਤੇ ਜ਼ਿੰਦਾਦਿਲੀ ਦੀ ਪ੍ਰੇਰਨਾਦਾਇਕ ਮਿਸਾਲ ਹਨ | ਉਹ ਮੰਨਦੇ ਹਨ ਕਿ ਸੇਵਾਮੁਕਤੀ ਜ਼ਿੰਦਗੀ ਦਾ ਅੰਤ ਨਹੀਂ, ਬਲਕਿ ਆਪਣੇ ਅਧੂਰੇ ਸੁਪਨਿਆਂ ਨੂੰ  ਪੂਰਾ ਕਰਨ ਅਤੇ ਆਪਣੀ ਪਸੰਦ ਦੀ ਜ਼ਿੰਦਗੀ ਜੀਣ ਦਾ ਇਕ ਨਵਾਂ ਮੌਕਾ ਹੈ | ਆਪਣੀ ਸਰੀਰਕ ਤੰਦਰੁਸਤੀ ਪ੍ਰਤੀ ਵਿਸ਼ੇਸ਼ ਤੌਰ 'ਤੇ ਸੁਚੇਤ ਇੰਜੀ. ਬਾਹੀਆ ਰੋਜ਼ਾਨਾ ਜਿੰਮ ਜਾਂਦੇ ਹਨ, 4 ਤੋਂ 5 ਕਿਲੋਮੀਟਰ ਦੌੜਦੇ ਤੇ 20 ਕਿਲੋਮੀਟਰ ਤੱਕ ਸਾਈਕਲ ਚਲਾਉਂਦੇ ਹਨ | ਉਨ੍ਹਾਂ ਦੀ ਇਕੋ-ਇਕ ਬੇਟੀ ਕੈਲੀਫੋਰਨੀਆ 'ਚ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਲੈਣ ਤੋਂ ਬਾਅਦ ਉੱਥੇ ਹੀ ਰਹਿ ਰਹੀ ਹੈ ਤੇ ਉਹ ਵੀ ਟ੍ਰੈਕਿੰਗ ਦੀ ਸ਼ੌਕੀਨ ਹੈ | ਇੰਜੀ. ਜੀ.ਐਸ. ਬਾਹੀਆ ਦੀ ਕਹਾਣੀ ਇਹ ਸੁਨੇਹਾ ਦਿੰਦੀ ਹੈ ਕਿ ਉਮਰ ਸਿਰਫ਼ ਇਕ ਅੰਕ ਹੈ ਅਤੇ ਜੇ ਮਨ 'ਚ ਜਜ਼ਬਾ, ਸਰੀਰ ਵਿਚ ਤੰਦਰੁਸਤੀ ਅਤੇ ਕੁਝ ਨਵਾਂ ਕਰਨ ਦੀ ਲਗਨ ਹੋਵੇ ਤਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਨਵੀਆਂ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ |

-ਮੋਬਾਈਲ : 98729-78781

ਪਿਛਲੀ ਖ਼ਬਰ ਪੰਜਾਬ : ਨਸ਼ਿਆਂ ਖ਼ਿਲਾਫ਼ ਯੋਜਨਾਬੱਧ ਸੰਘਰਸ਼ ਦੀ ਲੋੜ ਅਗਲੀ ਖ਼ਬਰ ਉੱਭਰਦਾ ਨੌਜਵਾਨ ਪਹਿਲਵਾਨ : ਪ੍ਰਭਪ੍ਰੀਤ ਸਿੰਘ ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।