10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਪੰਜਾਬ ਦੀ ਹਾਕੀ ਵਿਰਾਸਤ ਕਿਵੇਂ ਬਚੇਗੀ?

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਪੰਜਾਬ ਦੀ ਹਾਕੀ ਵਿਰਾਸਤ ਕਿਵੇਂ ਬਚੇਗੀ?

ਅਜੀਤ ਡੈਸਕ 10-11-2026

ਪੰਜਾਬ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਕੀਤੀ | 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੁਹਾਲੀ ਵਿਖੇ ਸਫ਼ਲਤਾਪੂਰਵਕ ਕਰਵਾਏ ਇਸ ਵੱਡੇ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਲਈ ਪੰਜਾਬ ਸਰਕਾਰ ਵਲੋਂ 25.40 ਕਰੋੜ ਰੁਪਏ ਖਰਚ ਕੀਤੇ ਗਏ | ਇਸ ਰਕਮ 'ਚੋਂ 22.96 ਕਰੋੜ ਦੋਵੇਂ ਹਾਕੀ ਸਟੇਡੀਅਮਾਂ ਨੂੰ  ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਖਰਚੇ ਕੀਤੇ | ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਲਈ 14 ਕਰੋੜ ਅਤੇ ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਦਾ ਬਜਟ ਸੀ | ਇਹ ਖਰਚਾ ਸਿਰਫ਼ ਇਕ ਟੂਰਨਾਮੈਂਟ ਦੀ ਮੇਜ਼ਬਾਨੀ ਤੱਕ ਸੀਮਤ ਨਾ ਰਹੇ, ਸਗੋਂ ਪੰਜਾਬ ਹਾਕੀ ਦੀ ਵਿਰਾਸਤ ਨੂੰ  ਮੁੜ ਮਜ਼ਬੂਤ ਕਰਨ ਵਾਲਾ ਨਿਵੇਸ਼ ਬਣੇ | ਹੁਣ ਸਭ ਤੋਂ ਵੱਡੀ ਚੁਣੌਤੀ ਇਹੀ ਹੈ | 

ਦਹਾਕਿਆਂ ਦਾ ਨਿਵੇਸ਼-ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਸਮਾਪਤੀ ਪਿੱਛੋਂ ਜੇ ਸਟੇਡੀਅਮਾਂ ਦੀਆਂ ਬੱਤੀਆਂ ਬੁਝ ਗਈਆਂ, ਮੈਦਾਨਾਂ ਦੀ ਸੰਭਾਲ ਰੁਕ ਗਈ ਜਾਂ ਅੰਤਰਰਾਸ਼ਟਰੀ ਸਹੂਲਤਾਂ ਮੁੜ ਆਮ ਹਾਲਤ 'ਚ ਪਹੁੰਚ ਗਈਆਂ ਤਾਂ ਕਰੋੜਾਂ ਰੁਪਏ ਦਾ ਇਹ ਨਿਵੇਸ਼ ਆਪਣਾ ਪੂਰਾ ਮਕਸਦ ਹਾਸਲ ਨਹੀਂ ਕਰ ਸਕੇਗਾ | ਅਸਲ ਕਾਮਯਾਬੀ ਉਸ ਦਿਨ ਮੰਨੀ ਜਾਵੇਗੀ, ਜਦੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਵੀ ਇਨ੍ਹਾਂ ਸਟੇਡੀਅਮਾਂ 'ਚ ਸਵੇਰ ਤੋਂ ਸ਼ਾਮ ਤੱਕ ਹਾਕੀ ਦੀ ਰੌਣਕ ਲੱਗੀ ਰਹੇਗੀ | ਇੱਥੇ ਪੰਜਾਬ ਦੇ ਬੱਚੇ ਖੇਡਣਗੇ, ਸਕੂਲ ਟੀਮਾਂ ਆਉਣਗੀਆਂ, ਮਹਿਲਾ ਖਿਡਾਰਨਾਂ ਨੂੰ  ਬਰਾਬਰ ਮੌਕੇ ਮਿਲਣਗੇ, ਰਾਸ਼ਟਰੀ ਕੈਂਪ ਲੱਗਣਗੇ ਤੇ ਨਵੇਂ ਅੰਤਰਰਾਸ਼ਟਰੀ ਖਿਡਾਰੀ ਤਿਆਰ ਹੋਣਗੇ |
ਸੁਰਜੀਤ ਹਾਕੀ ਸਟੇਡੀਅਮ-ਜਲੰਧਰ ਦਾ ਸੁਰਜੀਤ ਹਾਕੀ ਸਟੇਡੀਅਮ ਪੰਜਾਬ ਦੀ ਹਾਕੀ ਦੇ ਇਤਿਹਾਸ ਨਾਲ ਡੂੰਘਾ ਜੁੜਿਆ ਰਿਹਾ ਹੈ | ਇਸ ਲਈ ਇਸ 'ਤੇ ਹੋ ਰਿਹਾ 14 ਕਰੋੜ ਦਾ ਖਰਚਾ ਸਿਰਫ਼ ਨਵੀਨੀਕਰਨ ਨਹੀਂ ਸਮਝਿਆ ਜਾਣਾ ਚਾਹੀਦਾ | ਇਸ ਸਟੇਡੀਅਮ ਨੂੰ  'ਪੰਜਾਬ ਹਾਕੀ ਵਿਰਾਸਤ ਕੇਂਦਰ' ਵਜੋਂ ਵਿਕਸਤ ਕਰਨ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ | ਇੱਥੇ ਪੰਜਾਬ ਦੇ ਉਲੰਪੀਅਨ, ਏਸ਼ਿਆਈ ਖੇਡਾਂ ਦੇ ਤਗਮਾ ਜੇਤੂ, ਅਰਜੁਨ ਐਵਾਰਡੀ ਖਿਡਾਰੀ, ਮਹਿਲਾ ਹਾਕੀ ਦੀਆਂ ਮਹਾਨ ਖਿਡਾਰਨਾਂ ਤੇ ਇਤਿਹਾਸਕ ਟੀਮਾਂ ਦੀਆਂ ਤਸਵੀਰਾਂ, ਰਿਕਾਰਡ ਅਤੇ ਯਾਦਗਾਰੀ ਚੀਜ਼ਾਂ ਸੰਭਾਲੀਆਂ ਜਾਣ | ਨਵੀਂ ਪੀੜ੍ਹੀ ਨੂੰ  ਸਿਰਫ਼ ਹਾਕੀ ਖੇਡਣ ਲਈ ਨਹੀਂ, ਆਪਣੀ ਹਾਕੀ ਵਿਰਾਸਤ ਨੂੰ  ਜਾਣਨ ਲਈ ਵੀ ਇੱਥੇ ਲਿਆਂਦਾ ਜਾਵੇ | 
ਮੁਹਾਲੀ ਬਣੇ ਆਧੁਨਿਕ ਹਾਈ ਪ੍ਰਫਾਰਮੈਂਸ ਕੇਂਦਰ-ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਨੂੰ  ਸਿਰਫ਼ ਮੁਕਾਬਲਿਆਂ ਦਾ ਸਥਾਨ ਬਣਾਉਣ ਦੀ ਥਾਂ ਉੱਚ ਪੱਧਰੀ ਖਿਡਾਰੀ ਤਿਆਰ ਕਰਨ ਵਾਲੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ | ਇੱਥੇ ਖੇਡ ਵਿਗਿਆਨ, ਸਰੀਰਕ ਤੰਦਰੁਸਤੀ, ਖੁਰਾਕ, ਸੱਟਾਂ ਤੋਂ ਬਚਾਅ, ਵੀਡੀਓ ਵਿਸ਼ਲੇਸ਼ਣ, ਮਾਨਸਿਕ ਤਿਆਰੀ ਅਤੇ ਆਧੁਨਿਕ ਕੋਚਿੰਗ ਦੀਆਂ ਸਹੂਲਤਾਂ ਲਗਾਤਾਰ ਉਪਲਬਧ ਹੋਣ | ਇਸ ਨਾਲ ਪੰਜਾਬ ਨੂੰ  ਬਾਹਰੋਂ ਖਿਡਾਰੀ ਤਿਆਰ ਕਰਕੇ ਲਿਆਉਣ ਦੀ ਬਜਾਏ ਆਪਣੀ ਮਿੱਟੀ 'ਚੋਂ ਚੈਂਪੀਅਨ ਪੈਦਾ ਕਰਨ ਦਾ ਮੌਕਾ ਮਿਲੇਗਾ | ਹਾਕੀ ਨਿਵੇਸ਼ ਤੇ ਨਤੀਜਾ ਰਿਪੋਰਟ-ਇਹ ਸਭ ਤੋਂ ਅਹਿਮ ਗੱਲ ਹੈ | ਸਰਕਾਰ ਹਰ ਸਾਲ 'ਹਾਕੀ ਨਿਵੇਸ਼ ਤੇ ਨਤੀਜਾ ਰਿਪੋਰਟ' ਜਾਰੀ ਕਰੇ | ਰਿਪੋਰਟ 'ਚ ਦੱਸਿਆ ਜਾਵੇ ਕਿ ਸਟੇਡੀਅਮ ਸਾਲ 'ਚ ਕਿੰਨੇ ਦਿਨ ਵਰਤਿਆ ਗਿਆ, ਕਿੰਨੇ ਮੁਕਾਬਲੇ ਕਰਵਾਏ ਗਏ, ਕਿੰਨੇ ਬੱਚਿਆਂ ਨੂੰ  ਸਿਖਲਾਈ ਮਿਲੀ, ਕਿੰਨੇ ਨਵੇਂ ਖਿਡਾਰੀ ਰਾਸ਼ਟਰੀ ਪੱਧਰ ਤੱਕ ਪਹੁੰਚੇ, ਕਿੰਨੇ ਅੰਤਰਰਾਸ਼ਟਰੀ ਖਿਡਾਰੀ ਤਿਆਰ ਹੋਏ, ਮਹਿਲਾ ਹਾਕੀ ਨੂੰ  ਕਿੰਨੇ ਮੌਕੇ ਮਿਲੇ, ਕਿੰਨੇ ਕੋਚਾਂ ਤੇ ਅੰਪਾਇਰਾਂ ਨੂੰ  ਸਿਖਲਾਈ ਦਿੱਤੀ ਗਈ, ਸਟੇਡੀਅਮ ਦੀ ਸੰਭਾਲ 'ਤੇ ਕਿੰਨੀ ਰਕਮ ਖਰਚ ਹੋਈ ਆਦਿ | 
ਇਕ ਹੋਰ ਅਹਿਮ ਸੁਝਾਅ-22.96 ਕਰੋੜ ਦੀ ਸਟੇਡੀਅਮ ਅਪਗ੍ਰੇਡ ਰਕਮ ਤੋਂ ਬਾਅਦ ਹਰ ਸਾਲ ਇਕ ਨਿਰਧਾਰਤ ਰੱਖ-ਰਖਾਅ ਫੰਡ ਰੱਖਿਆ ਜਾਵੇ ਤਾਂ ਜੋ ਕੁਝ ਸਾਲਾਂ ਬਾਅਦ ਦੁਬਾਰਾ ਕਰੋੜਾਂ ਰੁਪਏ ਖਰਚ ਕਰਕੇ ਉਹੀ ਕੰਮ ਨਾ ਕਰਾਉਣਾ ਪਵੇ | ਇਸ ਲਈ ਵੱਖਰਾ ਸਾਲਾਨਾ ਰੱਖ-ਰਖਾਅ ਬਜਟ, ਤਕਨੀਕੀ ਨਿਗਰਾਨੀ ਤੇ ਜਨਤਕ ਹਿਸਾਬ-ਕਿਤਾਬ ਦੀ ਵਿਵਸਥਾ ਹੋਵੇ | 25.40 ਕਰੋੜ ਰੁਪਏ ਅੱਜ ਦਾ ਨਿਵੇਸ਼ ਹੈ, ਇਸ ਦੀ ਸੰਭਾਲ ਅਗਲੇ ਦਸ ਸਾਲਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ | ਅਸਲ ਆਊਟਪੁਟ-ਜੇ 2036 'ਚ ਪੰਜਾਬ ਇਹ ਕਹਿ ਸਕੇ ਕਿ ਇਨ੍ਹਾਂ ਸਟੇਡੀਅਮਾਂ ਤੋਂ ਹਜ਼ਾਰਾਂ ਬੱਚਿਆਂ ਨੇ ਹਾਕੀ ਸਿੱਖੀ, ਸੈਂਕੜੇ ਰਾਸ਼ਟਰੀ ਖਿਡਾਰੀ ਤਿਆਰ ਹੋਏ, ਦਰਜਨਾਂ ਅੰਤਰਰਾਸ਼ਟਰੀ ਖਿਡਾਰੀ ਬਣੇ, ਮਹਿਲਾ ਹਾਕੀ ਮਜ਼ਬੂਤ ਹੋਈ, ਹਰ ਸਾਲ ਵੱਡੇ ਮੁਕਾਬਲੇ ਹੋਏ ਅਤੇ ਦੋਵੇਂ ਸਟੇਡੀਅਮ ਅੰਤਰਰਾਸ਼ਟਰੀ ਪੱਧਰ 'ਤੇ ਕਾਇਮ ਰਹੇ, ਤਾਂ ਹੀ ਕਿਹਾ ਜਾਵੇਗਾ ਕਿ 25.40 ਕਰੋੜ ਸਿਰਫ਼ ਖਰਚ ਨਹੀਂ ਹੋਏ, ਪੰਜਾਬ ਦੀ ਹਾਕੀ ਦੇ ਭਵਿੱਖ ਵਿਚ ਨਿਵੇਸ਼ ਹੋਏ ਹਨ |
ਏਸ਼ੀਅਨ ਚੈਂਪੀਅਨਜ਼ ਟਰਾਫ਼ੀ 10 ਦਿਨਾਂ ਲਈ ਆਈ ਹੈ ਤੇ ਚਲੀ ਜਾਵੇਗੀ, ਪਰ ਜਲੰਧਰ ਤੇ ਮੁਹਾਲੀ ਦੇ ਇਹ ਮੈਦਾਨ ਅਗਲੇ 10 ਸਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਲਈ ਖੇਡ ਦੀ ਕਰਮਭੂਮੀ ਤੇ ਪਾਠਸ਼ਾਲਾ ਬਣੇ ਰਹਿਣ | ਇਹੀ 25.40 ਕਰੋੜ ਰੁਪਏ ਦੇ ਨਿਵੇਸ਼ ਦੀ ਅਸਲ ਕਾਮਯਾਬੀ ਹੋਵੇਗੀ |
 

-ਮੋਬਾਈਲ : 9872978781

ਪਿਛਲੀ ਖ਼ਬਰ ਝੋਨੇ ਦੀ ਕਾਸ਼ਤ ਹੇਠ ਰਕਬਾ ਨਹੀਂ ਘਟ ਸਕਿਆ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਦੀ ਗੱਲ ਕਰਦਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।