ਮਾਛੀਵਾੜਾ ਸਾਹਿਬ, 23 ਜੂਨ (ਰਾਜਦੀਪ ਸਿੰਘ ਅਲਬੇਲਾ)-ਲਗਾਤਾਰ ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ, ਜਿਨ੍ਹਾਂ ਕਾਰਨ ਹਾਦਸੇ ਵਾਪਰਦੇ ਹਨ ਅਤੇ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਇਹ ਬੇਸਹਾਰਾ ਘੁੰਮਦੇ ਪਸ਼ੂ ਕਈ ਵਾਰ ਬੱਚਿਆਂ ਜਾਂ ਆਮ ਲੋਕਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੰਦੇ ਹਨ। ਜੇਕਰ ਰਾਹਗੀਰ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦਾ ਹੈ। ਮਾਛੀਵਾੜਾ ਸ਼ਹਿਰ ਅੰਦਰ ਲਗਾਤਾਰ ਇਨ੍ਹਾਂ ਪਸ਼ੂਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਇੱਕ ਮਾਮਲਾ ਦਸਮੇਸ਼ ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਨਾਲ ਵਾਪਰਿਆ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਟਰੀ ’ਤੇ ਹੀ ਸਕੂਲ ਨੂੰ ਜਾਂਦੇ ਹਨ ਅਤੇ ਜਦੋਂ ਉਹ ਵਾਪਸ ਆਉਂਦੇ ਹਨ ਤਾਂ ਉਹ ਆਪਣੀ ਸਕੂਟਰੀ ਨੂੰ ਬਾਹਰ ਹੀ ਖੜੀ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਮੁਹੱਲਿਆਂ ’ਚ ਘੁੰਮ ਰਹੇ ਚਾਰ ਤੋਂ ਪੰਜ ਅਵਾਰਾ ਸਾਂਢ ਆ ਗਏ, ਜਿਨ੍ਹਾਂ ’ਚੋਂ ਇੱਕ ਨੇ ਮੇਰੀ ਸਕੂਟਰੀ ਵਿਚ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਈ। ਜਦੋਂ ਖੜਕਾ ਹੋਇਆ ਤਾਂ ਅਸੀ ਤੁਰੰਤ ਬਾਹਰ ਆਏ ਤਾਂ ਸਾਂਢ ਸਕੂਟਰੀ ਨੂੰ ਟੱਕਰਾਂ ਮਾਰ ਰਿਹਾ ਸੀ, ਜਦੋਂ ਅਸੀਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਨੂੰ ਵੀ ਮਾਰਨ ਪੈ ਗਿਆ। ਇਹ ਅਵਾਰਾ ਸਾਂਢ ਨੇ ਸਕੂਟਰੀ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ, ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਜੇਕਰ ਗਲੀ ਵਿਚ ਕੋਈ ਬੱਚਾ ਜਾਂ ਸਾਡਾ ਮੈਂਬਰ ਖੜਾ ਹੁੰਦਾ ਤਾਂ ਉਸ ਨੂੰ ਵੀ ਸਾਂਢ ਜਾਨੋ ਮਾਰ ਸਕਦਾ ਸੀ। ਉਨ੍ਹਾਂ ਨੇ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਵਾਰਾ ਸਾਂਢਾ ਨੂੰ ਸੰਭਾਲਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਸਰਕਾਰ ਗਊ ਸੈੱਸ ਲੈਂਦੀ ਹੈ, ਇਸ ਲਈ ਇਨ੍ਹਾਂ ਆਵਾਰਾ ਪਸ਼ੂਆਂ ਦੀ ਸੰਭਾਲ ਵੀ ਕੀਤੀ ਜਾਣੀ ਚਾਹੀਦੀ ਹੈ। ਹਰਜੀਤ ਕੌਰ ਨੇ ਪ੍ਰਸ਼ਾਸਨ ਤੋਂ ਸਕੂਟਰੀ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ।
ਅਵਾਰਾ ਸਾਨ੍ਹ ਨੇ ਅਧਿਆਪਕਾ ਦੀ ਸਕੂਟਰੀ ਨੂੰ ਪਹੁੰਚਾਇਆ ਨੁਕਸਾਨ
ਅਜੀਤ ਡੈਸਕ
24-06-2026