ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਰੂੜੇਵਾਲ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਹ ਨੌਜਵਾਨ ਬਚਪਨ ਤੋਂ ਆਪਣੇ ਇਸੇ ਪਿੰਡ ਨਾਨਕੇ ਘਰ ਰਹਿੰਦਾ ਸੀ ਕਿ ਅਚਾਨਕ ਲੱਗੇ ਕਰੰਟ ਨੇ ਉਸ ਦੀ ਦਰਦਨਾਕ ਮਾਹੌਲ ਵਿੱਚ ਜਾਨ ਲੈ ਲਈ। ਜਾਣਕਾਰੀ ਅਨੁਸਾਰ ਆਪਣੇ ਨਾਨਕੇ ਘਰ ਰਹਿੰਦੇ ਮਨਵਿੰਦਰ ਸਿੰਘ ਲਵਲੀ ਪਿਤਾ ਦੀ ਮੌਤ ਤੋ ਬਾਅਦ ਆਪਣੇ ਨਾਨਕੇ ਘਰ ਰਹਿਣ ਲੱਗ ਪਿਆ ਸੀ ਤੇ ਉੱਚਾ ਲੰਮਾ ਕੱਦ ਤੇ ਸਫਲ ਕਿਸਾਨ ਦੇ ਤੌਰ ’ਤੇ ਜ਼ਿੰਦਗੀ ਗੁਜ਼ਾਰ ਰਿਹਾ ਸੀ ਕਿ ਮੰਗਲਵਾਰ ਦੀ ਸਵੇਰੇ ਜਦੋਂ ਉਹ ਠੇਕੇ ’ਤੇ ਲਈ ਜ਼ਮੀਨ ਵਿੱਚ ਮੋਟਰ ਚਲਾਉਣ ਗਿਆ ਤਾਂ ਮੋਟਰ ਦੀਆਂ ਤਾਰਾਂ ਤੋਂ ਉਸ ਨੂੰ ਅਚਾਨਕ ਤੇਜ਼ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਭਾਵੇਂ ਕਿ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨ ਮਨਵਿੰਦਰ ਸਿੰਘ ਲਵਲੀ ਜਿੱਥੇ ਕਰੀਬ 30 ਕਿੱਲੇ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ ਉੱਥੇ ਹੀ ਉਹ ਸ਼ਟਰਿੰਗ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਦੀ ਮਾਤਾ ਆਪਣੇ ਦੂਸਰੇ ਪੁੱਤਰ ਕੋਲ ਪਿੰਡ ਸਿਲੋਮਾਸਕੇ ਹੀ ਰਹਿੰਦੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਿਆ। ਪੋਸਟਮਾਰਟਮ ਕਰਾਉਣ ਉਪਰੰਤ ਉਸ ਦਾ ਸੰਸਕਾਰ ਪਿੰਡ ਰੂੜੇਵਾਲ ਵਿਖੇ ਕੀਤਾ ਜਾਵੇਗਾ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
24-06-2026