ਮਾਛੀਵਾੜਾ ਸਾਹਿਬ, 30 ਮਾਰਚ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬੀਤੀ ਕੱਲ੍ਹ ਸ਼ਾਮ 6.30 ਵਜੇ ਦੇ ਕਰੀਬ ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਇਕ ਮੁਲਜ਼ਮ ਦੀ ਪਹਿਚਾਣ ਵਿਜੈ ਕੁਮਾਰ ਉਰਫ ਅਜੇ ਵਾਸੀ ਤੱਖਰਾਂ-ਖੋਖਰਾਂ ਵਜੋਂ ਕੀਤੀ ਹੈ | ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਵਿਜੈ ਕੁਮਾਰ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਅਤੇ ਮਿ੍ਤਕ ਪਰਮਿੰਦਰ ਤਿਵਾੜੀ ਨਾਲ ਪਿੰਡ ਵਿਚ ਕੇਵਲ ਕੁੱਝ ਗਜ ਦੀ ਪੰਚਾਇਤੀ ਜ਼ਮੀਨ ਦੇ ਵਿਵਾਦ ਕਾਰਨ ਰੰਜਸ਼ ਰੱਖਦਾ ਸੀ | ਦੱਸਿਆ ਗਿਆ ਹੈ ਕਿ ਕਥਿਤ ਕਾਤਲ ਪ੍ਰਵਾਸੀ ਹੈ ਤੇ ਉਹ ਸਹਾਰਨਪੁਰ (ਉੱਤਰ ਪ੍ਰਦੇਸ਼) ਨਾਲ ਸੰਬੰਧਿਤ ਹੈ | ਬਲਾਕ ਕਾਂਗਰਸ ਪ੍ਰਧਾਨ ਤਿਵਾੜੀ, ਪੰਚਾਇਤ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਜੈ ਕੁਮਾਰ ਕੋਲੋਂ ਜੋ ਪੰਚਾਇਤੀ ਜਗ੍ਹਾ ਦਾ ਕਬਜਾ ਛੁਡਵਾਇਆ | ਜਦਕਿ ਬਾਕੀ 'ਤੇ ਉਸ ਦਾ ਸਾਰਾ ਪਰਿਵਾਰ ਕਾਬਜ਼ ਸੀ | ਪੰਚਾਇਤੀ ਕਬਜਾ ਹਟਾਉਣ ਤੋਂ ਬਾਅਦ ਮੁਲਜ਼ਮ ਵਿਜੈ ਕੁਮਾਰ ਨੇ ਇਸ ਸਬੰਧੀ ਅਦਾਲਤ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ | ਪਰ ਉਹ ਪਰਮਿੰਦਰ ਤਿਵਾੜੀ ਤੇ ਪੰਚਾਇਤ ਨਾਲ ਰੰਜਸ਼ ਰੱਖ ਰਿਹਾ ਸੀ | ਅੱਜ ਇਸ ਸਬੰਧੀ ਏ. ਡੀ. ਸੀ. ਪੀ. ਜਸ਼ਨਦੀਪ ਸਿੰਘ ਗਿੱਲ ਨੇ ਖ਼ੁਲਾਸਾ ਕੀਤਾ ਕਿ ਇਹ ਪੰਚਾਇਤੀ ਜ਼ਮੀਨ ਦਾ ਕਬਜਾ ਹਟਾਉਣ ਦੀ ਰੰਜਸ਼ ਕਾਰਨ ਹੀ ਵਿਜੈ ਕੁਮਾਰ ਨੇ ਪਰਮਿੰਦਰ ਤਿਵਾੜੀ ਦਾ ਕਤਲ ਕੀਤਾ | ਗੌਰਤਲਬ ਹੈ ਕਿ ਮਾਮਲਾ ਕੂੰਮਕਲਾਂ ਇਲਾਕੇ ਦਾ ਹੈ ਜੋ ਲੁਧਿਆਣਾ ਕਮਿਸ਼ਨਰੇਟ ਦਾ ਹਿੱਸਾ ਹੈ | ਲੁਧਿਆਣਾ ਦੇ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਕਥਿਤ ਮੁੱਖ ਦੋਸ਼ੀ ਵਿਜੇ ਦਾ ਪਿਤਾ ਜੈ ਸਿੰਘ ਪੁੱਤਰ ਬਨਾਰਸੀ ਦਾਸ, ਭਰਾ ਰਵੀ ਕੁਮਾਰ ਤੇ ਅਮਰੀਸ਼ ਤੇ ਮਾਮਾ ਸੁਨੀਲ ਸਾਰੇ ਵਾਸੀ ਪਿੰਡ ਖੋਖਰ ਗਿ੍ਫਤਾਰ ਕਰ ਲਏ ਗਏ ਹਨ | ਜਦਕਿ ਮੁੱਖ ਦੋਸ਼ੀ ਦੀ ਭਾਲ ਜਾਰੀ ਹੈ |
ਕਾਤਲਾਂ ਨੂੰ ਫੜੇ ਜਾਣ ਤੱਕ ਸਸਕਾਰ ਨਹੀਂ ਕਰਾਂਗੇ- ਰਾਜਾ ਗਿੱਲ
ਹਲਕਾ ਸਮਰਾਲਾ ਦੇ ਕਾਂਗਰਸੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਪਰਿਵਾਰ ਤੇ ਪਾਰਟੀ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਪੁਲਸ ਕਾਤਲਾਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਨਹੀਂ ਧੱਕਦੀ, ਉਦੋਂ ਤੱਕ ਉਹ ਨਾ ਤਾਂ ਮਿ੍ਤਕ ਦਾ ਪੋਸਟ ਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ | ਜਦੋਂ ਕਿ ਇਸ ਸੰਬੰਧੀ ਲੁਧਿਆਣਾ ਦੇ ਏ. ਸੀ. ਪੀ.ਇੰਦਰਜੀਤ ਸਿੰਘ ਬੋਪਾਰਾਏ ਨੇ ਦਾਅਵਾ ਕੀਤਾ ਕਿ ਪਰਿਵਾਰ ਨੇ ਸਾਨੂੰ ਅਜਿਹੀ ਕੋਈ ਗੱਲ ਨਹੀਂ ਕਹੀ | ਉਨ੍ਹਾਂ ਦੱਸਿਆ ਕਿ ਮਿ੍ਤਕ ਦਾ ਭਰਾ ਵਿਦੇਸ਼ ਵਿਚ ਹੈ ਅਤੇ ਉਸ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ |
ਮਾਲਵਾ ਚੌਂਕ ਦੀਆਂ ਦੁਕਾਨਾਂ ਰਹੀਆਂ ਸੋਗ ਵਜੋਂ ਬੰਦ- ਇਸ ਦਰਮਿਆਨ ਪਿੰਡ ਹਾੜੀਆਂ ਅਤੇ ਉੱਥੋਂ ਦੇ ਲੋਕਾਂ ਵਿਚ ਕਾਫ਼ੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ | ਤਿਵਾੜੀ ਦੇ ਕਤਲ ਕਾਰਨ ਸੋਗ ਦੀ ਲਹਿਰ ਹੈ | ਜਿਸ ਕਾਰਨ ਮਾਲਵਾ ਚੌਂਕ ਦੀਆਂ ਸੈਂਕੜੇ ਦੁਕਾਨਾਂ ਬੰਦ ਰਹੀਆਂ | ਲੋਕ ਮੰਗ ਕਰ ਰਹੇ ਸਨ ਕਿ ਇਸ ਕਤਲ ਦੀ ਨਿਰਪੱਖ ਜਾਂਚ ਕਰ ਕਾਤਲਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ | ਅੱਜ ਜਦੋਂ ਮਿ੍ਤਕ ਦੀ ਪਤਨੀ ਤੇ ਬੱਚਿਆਂ ਨੂੰ ਪਰਮਿੰਦਰ ਤਿਵਾੜੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਪਤਨੀ ਕੁਸਮ ਤਿਵਾੜੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਉਨ੍ਹਾਂ ਦਾ ਭਰਾ ਦਵਿੰਦਰ ਤਿਵਾੜੀ ਕੈਨੇਡਾ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ |
ਬਲਾਕ ਕਾਂਗਰਸ ਪ੍ਰਧਾਨ ਧਰਮਿੰਦਰ ਤਿਵਾੜੀ ਦੇ ਕਤਲ ਦਾ ਮਾਮਲਾ- ਸੋਗ ਵਜੋਂ ਮਾਲਵਾ ਚੌਕ ਦਾ ਬਾਜ਼ਾਰ ਰਿਹਾ ਬੰਦ
ਅਜੀਤ ਡੈਸਕ
31-03-2026