ਮਾਛੀਵਾੜਾ ਸਾਹਿਬ, 30 ਮਾਰਚ (ਰਾਜਦੀਪ ਸਿੰਘ ਅਲਬੇਲਾ)-ਬੀਤੇ ਦਿਨੀਂ ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ 'ਤੇ ਹਮਲਾ ਕਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਵੱਖ-ਵੱਖ ਸਿਆਸੀ ਆਗੂਆਂ ਵਲੋਂ ਨਿੰਦਾ ਕੀਤੀ ਗਈ | ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਐੈੱਮ. ਪੀ. ਅਮਰ ਸਿੰਘ ਨੇ ਪਰਮਿੰਦਰ ਤਿਵਾੜੀ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਸ਼ਰੀਫ਼ ਤੇ ਮਿਹਨਤੀ ਵਰਕਰ ਸੀ, ਪਰ ਉਸ ਦਾ ਕੁਹਾੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਕਤਲ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਨਸ਼ਾ ਥਾਂ-ਥਾਂ ਵਿਕ ਰਿਹਾ ਹੈ, ਪਰ ਸਰਕਾਰ ਇਸ ਤੋਂ ਬੇਫ਼ਿਕਰ ਬੈਠੀ ਹੈ | ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਹਲਕਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ, ਜ਼ਿਲ੍ਹਾ ਉਪ ਪ੍ਰਧਾਨ ਜੇ. ਪੀ. ਸਿੰਘ ਮੱਕੜ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਹੁਸਨ ਲਾਲ ਮੜਕਨ, ਨਰਿੰਦਰਪਾਲ ਸਿੰਘ ਲੱਕੀ, ਸਾਬਕਾ ਕੌਂਸਲਰ ਮਨਜੀਤ ਕੁਮਾਰੀ, ਸਾਬਕਾ ਕੌਂਸਲਰ ਬਲਵਿੰਦਰ ਰਾਏ ਚੌਧਰੀ, ਪਰਮਜੀਤ ਪੰਮੀ, ਚਰਨਜੀਤ ਥੋਪੀਆ, ਨੰਦ ਕਿਸ਼ੋਰ, ਸੁਭਾਸ਼ ਬੀਟਨ ਨੇ ਕਿਹਾ ਕਿ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਕਾਰਨ ਸਾਡੀ ਪਾਰਟੀ ਦਾ ਇੱਕ ਸਰਗਰਮ ਆਗੂ ਸਾਡੇ ਕੋਲੋਂ ਖੋਹ ਲਿਆ ਗਿਆ | ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਨੇ ਵੀ ਕਾਂਗਰਸ ਆਗੂ ਪਰਮਿੰਦਰ ਤਿਵਾੜੀ ਦੇ ਕਤਲ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜ਼ਰੂਰਤ ਹੈ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਸਥਿਤੀ ਲਈ ਸੁੱਤੀ ਪਈ 'ਆਪ' ਸਰਕਾਰ ਨੂੰ ਗਹਿਰੀ ਨੀਂਦ ਤੋਂ ਜਗਾਇਆ ਜਾਵੇ | ਉਨ੍ਹਾਂ ਕਿਹਾ ਕਿ ਅੱਜ ਨਿਰਦੋਸ਼ ਲੋਕਾਂ ਦੀ ਜਾਨ ਜਾ ਰਹੀ ਹੈ ਕਿਉਂਕਿ ਅਮਨ, ਕਾਨੂੰਨ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ | ਭਾਜਪਾ ਆਗੂ ਸੁਖਵਿੰਦਰ ਲਾਲ ਸੁੱਖੀ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲੀਹਲ, ਭਾਜਪਾ ਆਗੂ ਰਾਜੇਸ਼ ਲੀਹਲ, ਡਾ. ਰਾਜ ਕੁਮਾਰ, ਡਾ. ਪਰਵੀਨ ਗਰਗ, ਵਿਕਾਸ ਮਿੱਤਲ, ਪਵਨ ਸਿੰਗਲਾ, ਸਤੀਸ਼ ਸਿੰਗਲਾ, ਅਸ਼ਵਨੀ ਸਿੰਗਲਾ ਨੇ ਵੀ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਨਿੰਦਾ ਕਰਦਿਆਂ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜੇ ਕੀਤੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਨਿਕੰਮੀ ਹੋ ਚੁੱਕੀ ਹੈ ਕਿਉਂਕਿ ਦਿਨ ਦਿਹਾੜੇ ਕਤਲ ਹੋ ਰਹੇ ਹਨ |