26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਖੰਨਾ 'ਚ ਨਵੇਂ ਬਣ ਰਿਹਾ ਅਦਾਲਤੀ ਕੰਪਲੈਕਸ ਹੜ੍ਹ ਦੇ ਖ਼ਤਰੇ ਵਾਲੀ ਥਾਂ 'ਤੇ, 1988, 1993, 2023 ਤੇ 2025 ਦੇ ਹੜ੍ਹਾਂ ਤੋਂ ਸਬਕ ਲੈਣ ਦੀ ਲੋੜ

ਅਜੀਤ ਡੈਸਕ 21-01-2026
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਕਰਨ ਅਤੇ ਬੁਲੇ੍ਹਪੁਰ (ਖੰਨਾ) ਵਿਖੇ ਬਣ ਰਹੇ ਨਵੇਂ ਅਦਾਲਤੀ ਕੰਪਲੈਕਸ ਨਾਲ ਜੁੜੀਆਂ ਜਨ- ਵਿਰੋਧੀ ਅਤੇ ਖ਼ਤਰਨਾਕ ਖ਼ਾਮੀਆਂ ਦੇ ਵਿਰੋਧ ਵਿਚ ਚੱਲ ਰਹੇ ਲੋਕ ਸੰਘਰਸ਼ ਦੇ ਤਹਿਤ ਅੱਜ ਭੁੱਖ ਹੜਤਾਲ ਦੇ 16 ਵੇਂ ਦਿਨ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਕੇਂਦਰੀ ਕਮੇਟੀ ਮੈਂਬਰ ਯੂਨਾਇਟੇਡ ਟਰੇਡਜ਼ ਯੂਨੀਅਨ ਕਾਂਗਰਸ, ਹਰਦੀਪ ਸਿੰਘ ਖ਼ਾਲਸਾ, ਸੁਰਜੀਤ ਸਿੰਘ ਸਾਬਕਾ ਪੰਚ ਭੁੱਮਦੀ ਅਤੇ ਕਿਰਪਾਲ ਸਿੰਘ ਖ਼ਾਲਸਾ ਮੋਰਚੇ 'ਤੇ ਡਟੇ ਰਹੇ | ਇਸ ਮੌਕੇ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਖੰਨਾ ਵਿੱਚ ਬਣ ਰਹੇ ਨਵੇਂ ਅਦਾਲਤੀ ਕੰਪਲੈਕਸ ਦੀ ਚੁਣੀ ਗਈ ਥਾਂ ਨੂੰ ਲੈ ਕੇ ਜਨਤਕ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ | ਜਾਗਰੂਕ ਨਾਗਰਿਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਕਿਹਾ ਹੈ ਕਿ ਇਸ ਇਲਾਕੇ ਵਿੱਚ ਹੜ੍ਹ ਅਤੇ ਡਰੇਨੇਜ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਅਣਦੇਖਾ ਕਰਕੇ ਨਿਰਮਾਣ ਕਾਰਜ ਸ਼ੁਰੂ ਕਰਨਾ ਖ਼ਤਰਨਾਕ ਹੈ | ਉਨ੍ਹਾਂ ਨੇ ਯਾਦ ਦਿਵਾਇਆ ਕਿ ਲੁਧਿਆਣਾ-ਖੰਨਾ ਖੇਤਰ ਪਿਛਲੇ ਚਾਰ ਦਹਾਕਿਆਂ ਦੌਰਾਨ ਵਾਰ-ਵਾਰ ਭਾਰੀ ਬਾਰਸ਼ਾਂ ਅਤੇ ਬਾੜਾਂ ਨਾਲ ਪ੍ਰਭਾਵਿਤ ਹੋਇਆ ਹੈ | 1988 ਦੇ ਭਿਆਨਕ ਹੜ੍ਹ , 1993 ਦੀ ਭਿਆਨਕ ਹੜ੍ਹ , 2023 ਵਿੱਚ ਗੈਬ ਦੀ ਪੁਲੀ ਡਰੇਨ ਦੀ ਐਮਰਜੈਂਸੀ ਸਫ਼ਾਈ ਅਤੇ 2025 ਦੀ ਤਾਜ਼ਾ ਹੜ੍ਹ ਦੌਰਾਨ ਖੰਨਾ ਦੀਆਂ ਮਾਰਕੀਟਾਂ ਤੇ ਸੜਕਾਂ ਵਿੱਚ ਪਾਣੀ ਖੜ੍ਹਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਹੜ੍ਹ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ | ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਕੋਰਟ ਕੰਪਲੈਕਸ ਵਰਗਾ ਉੱਚ-ਭੀੜ ਵਾਲਾ ਜਨਤਕ ਢਾਂਚਾ ਬਿਨਾਂ ਡਿਜ਼ਾਸਟਰ ਰਿਸਕ ਐਸੇਸਮੈਂਟ ਡਰੇਨਜ ਇਮਪੈਕਟ ਸਟੱਡੀ ਅਤੇ ਅਤੇ ਇਨਵਾਇਰਮੈਂਟਲ ਕਲੀਅਰੈਂਸ ਦੇ ਬਣਾਉਣਾ ਸੰਵਿਧਾਨ ਦੇ ਆਰਟੀਕਲ 21 (ਜੀਵਨ ਦੇ ਅਧਿਕਾਰ) ਦੀ ਉਲੰਘਣਾ ਹੈ | ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿਰਮਾਣ ਸਥਾਨ ਦੀ ਸਵਤੰਤਰ ਐਕਸਪਰਟ ਕਮੇਟੀ ਰਾਹੀਂ ਹੜ੍ਹ/ਡਰੇਨਜ਼ ਅਤੇ ਸੇਫ਼ਟੀ ਆਡਿਟ ਕਰਵਾਈ ਜਾਵੇ | ਰਿਪੋਰਟ ਆਉਣ ਤੱਕ ਨਿਰਮਾਣ 'ਤੇ ਸਟੇਸ ਕੋ ਕੀਤਾ ਜਾਵੇ | ਜੇ ਥਾਂ ਅਣਸੁਰੱਖਿਅਤ ਸਾਬਤ ਹੋਵੇ ਤਾਂ ਪ੍ਰੋਜੈਕਟ ਦੀ ਥਾਂ ਬਦਲੀ ਜਾਵੇ | ਉਨ੍ਹਾਂ ਨੇ ਕਿਹਾ ਕਿ ਇਹ ਮੰਗਾਂ ਕਿਸੇ ਰਾਜਨੀਤਿਕ ਲਾਭ ਲਈ ਨਹੀਂ, ਸਗੋਂ ਨਿਆਂ ਪ੍ਰਣਾਲੀ ਨਾਲ ਜੁੜੇ ਹਜ਼ਾਰਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਦਵਿੰਦਰ ਸਿੰਘ ਚੰਨੀ, ਸਿਕੰਦਰ ਸਿੰਘ ਗਲਵਡੀ ਇੰਚਾਰਜ ਤਰਨਾ ਦਲ ਖੰਨਾ, ਪ੍ਰੇਮ ਸਿੰਘ ਮੋਹਨਪੁਰ, ਬਲਬੀਰ ਸਿੰਘ ਖ਼ਾਲਸਾ, ਸਰੂਪ ਸਿੰਘ ਇਕੋਲਾਹਾ, ਮਲਕੀਤ ਸਿੰਘ ਅੰਬੇਮਾਜਰਾ, ਡਾ. ਪਰਵਿੰਦਰ ਕੌਰ, ਸੁਖਵਿੰਦਰ ਸਿੰਘ, ਬਹਾਦੁਰ ਸਿੰਘ, ਬੀਬੀ ਹਰਦੇਵ ਕੌਰ, ਗੁਰਬਚਨ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਰਹਾਉਣ, ਪਰਮਜੀਤ ਕੌਰ, ਚਰਜੀਤ ਸਿੰਘ ਕੌਰ, ਪ੍ਰਭਜੋਤ ਕੌਰ, ਗੁਰਮੀਤ ਕੌਰ ਮਾਜਰੀ, ਹਰਚੰਦ ਸਿੰਘ ਨਾਗਰਾ, ਚਰਨਜੀਤ ਸਿੰਘ ਚੰਨੀ, ਮੇਜਰ ਸਿੰਘ, ਪਰਮਜੀਤ ਸਿੰਘ ਖੰਨਾ, ਬੂਟਾ ਸਿੰਘ ਕਰੋਦੀਆਂ, ਸੁਰਜੀਤ ਸਿੰਘ, ਗੁਰਦੀਪ ਸਿੰਘ ਮਦਨ ਆਦਿ ਨੇ ਵੀ ਹਾਜ਼ਰੀ ਭਰੀ ਗਈ |
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾਂ ਦੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਚੌਥੇ ਦਿਨ ਅਗਲੀ ਖ਼ਬਰ ਸਾਹਿਤ ਸਭਾ ਸਮਰਾਲਾ ਵਲੋਂ ਸਾਲ ਦੀ ਪਹਿਲੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।