ਬਾਲਿਆਂਵਾਲੀ, 31 ਮਾਰਚ (ਕੁਲਦੀਪ ਮਤਵਾਲਾ)-ਪਿਛਲੇ ਦਿਨੀਂ ਪਏ ਜ਼ਬਰਦਸਤ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ 2000 ਤੋਂ ਵੱਧ ਏਕੜ ਦਾ ਨੁਕਸਾਨ ਹੋ ਗਿਆ ਸੀ, ਜਦਕਿ ਅੱਜ ਦੇਰ ਰਾਤ ਪੈ ਰਹੇ ਤੇਜ ਮੀਂਹ ਨੇ ਕਿਸਾਨਾਂ ਨੂੰ ਮੁੜ ਫ਼ਿਕਰਾਂ 'ਚ ਪਾ ਦਿੱਤਾ ਹੈ | ਇਸ ਸੰਬੰਧੀ ਨੰਬਰਦਾਰ ਰਣਜੀਤ ਸਿੰਘ ਦੰਦੀਵਾਲ ਤੇ ਨੰਬਰਦਾਰ ਅਮਨਦੀਪ ਸਿੰਘ ਅਮਨਾ ਨੇ ਦੱਸਿਆ ਕਿ ਮਹਿੰਗਾਈ ਦੇ ਦੌਰ 'ਚ ਖੇਤੀਬਾੜੀ ਦਾ ਧੰਦਾ ਘਾਟਾ ਦਾ ਸੌਦਾ ਹੈ, ਕਿਉਂਕਿ ਮਹਿੰਗੇ ਮੁੱਲ ਦੀਆਂ ਰੇਹਾਂ ਸਪ੍ਰੇਹਾਂ ਦੇ ਖ਼ਰਚੇ ਝੱਲਕੇ ਕਿਸਾਨ ਬੜੀ ਮੁਸ਼ਕਿਲ ਦੇ ਨਾਲ ਆਪਣੀ ਫ਼ਸਲ ਨੂੰ ਪਾਲਦੇ ਹਨ, ਪ੍ਰੰਤੂ ਫ਼ਸਲ ਨੂੰ ਅਨਾਜ ਮੰਡੀਆਂ 'ਚ ਲਿਜਾਉਣ ਤੋਂ ਪਹਿਲਾਂ ਹੀ ਕੁਦਰਤੀ ਆਫ਼ਤ ਦੀ ਭੇਟ ਚੜ੍ਹ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਅਗੇਤੀ ਗਰਮੀ ਪੈਣ ਕਰਕੇ ਕਣਕ ਦੀ ਫ਼ਸਲ ਦੇ ਝਾੜ ਨੂੰ ਪ੍ਰਭਾਵਿਤ ਕੀਤਾ ਸੀ ਤੇ ਹੁਣ ਗੜ੍ਹੇਮਾਰੀ ਤੇ ਮੀਂਹ ਨੇ ਫ਼ਸਲ ਨੂੰ ਤਬਾਹ ਕਰ ਦਿੱਤਾ ਹੈ | ਨੰਬਰਦਾਰ ਅਮਨਦੀਪ ਸਿੰਘ ਤੇ ਨੰਬਰਦਾਰ ਰਣਜੀਤ ਸਿੰਘ ਦੰਦੀਵਾਲ ਤੇ ਕਿਸਾਨ ਆਗੂਆਂ ਅਤੇ ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੜ੍ਹੇਮਾਰੀ ਤੇ ਮੀਂਹ ਨਾਲ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ |