ਰਾਮਾਂ ਮੰਡੀ, 26 ਮਾਰਚ (ਤਰਸੇਮ ਸਿੰਗਲਾ)-ਸਮਾਵੇਸ਼ੀ ਵਿਕਾਸ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਿਆਂ, ਐਚ ਐਮ ਈ ਐਲ ਨੇ ਰਾਸ਼ਟਰੀ ਸ਼ਿਲਪ ਮਿਊਜ਼ੀਅਮ ਅਤੇ ਹਸਤਕਲਾ ਅਕਾਦਮੀ ਵਿਚ ਐਚ ਐਮ ਈ ਐਲ ਦੀ ਪ੍ਰਮੁੱਖ ਸੀ ਐਸ ਆਰ ਪਹਿਲ 'ਮਹਿਲਾ ਸਸ਼ਕਤੀਕਰਨ ਲਈ ਹੁਨਰ ਤਾਲੀਮ (ਫੁਲਕਾਰੀ ਪ੍ਰੋਗਰਾਮ)' 'ਤੇ ਆਧਾਰਿਤ 'ਫੁਲਕਾਰੀ ਆਫ ਪੰਜਾਬ' ਥੀਮ ਹੇਠ ਇੱਕ ਵਿਸ਼ੇਸ਼ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ | ਇਹ ਸ਼ੋਅ ਦਾ ਉਦੇਸ਼ ਪੰਜਾਬ ਦੀ ਪ੍ਰਸਿੱਧ ਫੁਲਕਾਰੀ ਕਲਾ ਨੂੰ ਦੁਬਾਰਾ ਜੀਵਤ ਕਰਨਾ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਮਹਿਲਾਵਾਂ ਲਈ ਪੱਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ | ਇਸ 'ਚ ਪੰਜਾਬ ਦੀ ਪਰੰਪਰਾਗਤ ਕਢਾਈ ਦੀ ਰੰਗੀਨ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ | ਇਸ ਸ਼ੋਅ ਵਿਚ ਪ੍ਰਸਿੱਧ ਡਿਜ਼ਾਈਨਰ ਪ੍ਰਤਿਮਾ ਪਾਂਡੇ ਦੇ ਸਹਿਯੋਗ ਨਾਲ ਤਿਆਰ ਕੀਤੀ ਖ਼ਾਸ ਕਲੈਕਸ਼ਨ ਪੇਸ਼ ਕੀਤੀ ਗਈ | ਇਸ ਪ੍ਰਦਰਸ਼ਨੀ ਵਿਚ ਵਿਰਲੇ ਫੁਲਕਾਰੀ ਬਾਗ਼, ਪਰੰਪਰਾਗਤ ਸ਼ਾਲਾਂ, ਦੁਪੱਟੇ ਅਤੇ ਨਵੀਂ ਸੋਚ ਨਾਲ ਬਣੇ ਟੈਕਸਟਾਈਲ ਪੈਨਲ ਸ਼ਾਮਲ ਸਨ | ਪ੍ਰੋਗਰਾਮ ਨੇ ਵਿਜੁਅਲ ਪ੍ਰਸਤੁਤੀ ਰਾਹੀਂ ਫੁਲਕਾਰੀ ਦੀ ਵਿਰਾਸਤ ਤੋਂ ਲੈ ਕੇ ਉਸਦੇ ਆਧੁਨਿਕ ਪੁਨਰਜਾਗਰਣ ਤੱਕ ਦੀ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਇਸ ਮੰਚ 'ਤੇ ਫੁਲਕਾਰੀ ਕਲਾ ਅਤੇ ਇਸਨੂੰ ਜੀਵਤ ਰੱਖਣ ਵਾਲੀਆਂ ਮਹਿਲਾ ਕਰੀਗਰਾਂ ਹੀ ਅਸਲ ਹੀਰੋ ਰਹੀਆਂ | ਇਸ ਪਹਿਲ ਬਾਰੇ ਗੱਲ ਕਰਦੇ ਹੋਏ, ਐਚਐਮਈਐਲ ਦੇ ਐਮਡੀ ਅਤੇ ਸੀਈਓ ਪ੍ਰਭ ਦਾਸ ਨੇ ਕਿਹਾ 'ਸਾਡਾ ਯਤਨ ਅਜਿਹੇ ਮੰਚ ਤਿਆਰ ਕਰਨਾ ਹੈ, ਜਿੱਥੇ ਵਿਰਾਸਤ ਦੇ ਮੌਕੇ ਇਕੱਠੇ ਹੋਣ' | ਫੁਲਕਾਰੀ ਪ੍ਰੋਗਰਾਮ ਸਿਰਫ਼ ਇਕ ਕਲਾ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ, ਸਗੋਂ ਮਹਿਲਾਵਾਂ ਨੂੰ ਇੱਜ਼ਤ ਭਰੀ ਰੋਜ਼ੀ-ਰੋਟੀ ਦੇ ਮੌਕੇ ਦੇਣ ਅਤੇ ਉਨ੍ਹਾਂ ਨੂੰ ਵੱਡੇ ਮੰਚਾਂ 'ਤੇ ਪਹਿਚਾਣ ਦਿਵਾਉਣ ਦਾ ਮਾਧਿਅਮ ਵੀ ਹੈ | ਇਸਦੇ ਨਾਲ ਹੀ, ਇਸ ਨੇ ਆਧੁਨਿਕ ਫੈਸ਼ਨ ਵਿਚ ਹੱਥੋਂ ਬਣੇ ਕਪੜਿਆਂ ਦੀ ਵੱਧ ਰਹੀ ਮਹੱਤਤਾ ਨੂੰ ਵੀ ਦਰਸਾਇਆ |