ਮੱਲਾਂਵਾਲਾ 26 ਮਾਰਚ(ਬਲਬੀਰ ਸਿੰਘ ਜੋਸਨ)-ਸਰਕਾਰੀ ਪ੍ਰਾਇਮਰੀ ਸਕੂਲ ਮੱਲਾਂਵਾਲਾ ਖਾਸ ਵਿਖੇ, ਪ੍ਰਾਇਮਰੀ ਬਲਾਕ ਮੱਲਾਂਵਾਲਾ ਦੇ ਬੀ.ਪੀ.ਓ ਮੈਡਮ ਹਰਜੀਤ ਕੌਰ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮਕਸਦ ਨਾਲ 'ਹੈਂਡ ਮੇਡ ਮੈਟੀਰੀਅਲ' (ਹੱਥੀਂ ਤਿਆਰ ਕੀਤੇ ਸਾਮਾਨ) ਦੀ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਤਿੰਨ ਕਲਸਟਰ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮਗਰੀ ਤਿਆਰ ਕੀਤੀ ਗਈ | ਇਸ ਮੌਕੇ ਸੀ.ਐੱਚ.ਟੀ. ਭਾਰਤ ਪ੍ਰਤਾਪ ਲਹੁਕੇ ਖ਼ੁਰਦ ,ਸੀ.ਐੱਚ.ਟੀ ਸੁਨੀਲ ਕੁਮਾਰ ਨਾੜੇ ਅਤੇ ਸੀ.ਐੱਚ.ਟੀ ਸੰਦੀਪ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਵਿਜ਼ਟ ਕੀਤਾ | ਉਨ੍ਹਾਂ ਨੇ ਅਧਿਆਪਕਾਂ ਵਲੋਂ ਤਿਆਰ ਕੀਤੇ ਗਏ ਸਾਮਾਨ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੀ ਜ਼ੋਨਲ ਕੋਆਰਡੀਨੇਟਰ ਹਰਮੀਤ ਸਿੰਘ, ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਹਰਜਿੰਦਰ ਸਿੰਘ ਅਤੇ ਜਰਨੈਲ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਾਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ 'ਤੇ ਸੀ.ਐੱਚ.ਟੀ. ਭਾਰਤ ਪ੍ਰਤਾਪ, ਸੀ.ਐੱਚ.ਟੀ ਸੁਨੀਲ ਕੁਮਾਰ ਅਤੇ ਸੀ.ਐੱਚ.ਟੀ ਸੰਦੀਪ ਸ਼ਰਮਾ ਵਲੋਂ ਵਰਕਸ਼ਾਪ ਆਯੋਜਕਾਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਅਧਿਆਪਕਾਂ ਨੇ ਘੱਟ ਲਾਗਤ ਵਾਲੀਆਂ ਅਤੇ ਘਰਾਂ ਵਿਚ ਮੌਜੂਦ ਚੀਜ਼ਾਂ ਤੋਂ ਸੁੰਦਰ ਚਾਰਟ ਅਤੇ ਪ੍ਰੀ ਪ੍ਰਾਇਮਰੀ ਵਿੱਚ ਜ਼ਰੂਰੀ ਸਮਾਨ ਤਿਆਰ ਕੀਤਾ ਜੋ ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ ਬੱਚਿਆਂ ਨੂੰ ਖੇਡ-ਖੇਡ ਵਿਚ ਸਿੱਖਣ ਵਿਚ ਮਦਦ ਕਰਨਗੇ | ਮੈਡਮ ਅੰਜੂ ਬਾਲਾ ਐੱਚ.ਟੀ ਸਰਕਾਰੀ ਪ੍ਰਾਇਮਰੀ ਸਕੂਲ ਮੱਲਾਂਵਾਲਾ ਖਾਸ ਨੇ ਪੂਰੇ ਵਰਕਸ਼ਾਪ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਕੀਤਾ | ਇਸ ਵਰਕਸ਼ਾਪ ਦੀ ਸਮਾਪਤੀ ਮੌਕੇ ਆਏ ਹੋਏ ਮਹਿਮਾਨਾਂ ਨੇ ਇਸ ਸਾਂਝੇ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਅਧਿਆਪਕਾਂ ਨੂੰ ਭਵਿੱਖ ਵਿਚ ਵੀ ਅਜਿਹੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |