ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡਰੇਨਾਂ ’ਤੇ ਬਣਨ ਵਾਲੇ ਤਿੰਨ ਪੁਲਾਂ ਦੇ ਰੱਖੇ ਨੀਂਹ ਪੱਥਰ
ਕਿਹਾ, ਡਰੇਨਜ਼ ਢਾਂਚੇ ਦੀ ਮਜ਼ਬੂਤੀ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਲਹਿਰਾਗਾਗਾ, 4 ਸਤੰਬਰ (ਅਸ਼ੋਕ ਗਰਗ)- ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 2 ਕਰੋੜ 55 ਲੱਖ 86 ਹਜ਼ਾਰ ਰੁਪਏ ਦੀ ਲਾਗਤ ਨਾਲ ਡਰੇਨਾਂ ’ਤੇ ਉਸਾਰੇ ਜਾਣ ਵਾਲੇ ਤਿੰਨ ਪੁਲਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਸਬੰਧਤ ਪਿੰਡਾਂ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ ਤੇ ਰੋਜ਼ਾਨਾ ਆਉਣ-ਜਾਣ ਦੌਰਾਨ ਦਰਪੇਸ਼ ਮੁਸ਼ਕਲਾਂ ਤੋਂ ਰਾਹਤ ਮਿਲੇਗੀ।
ਲਹਿਰਾਗਾਗਾ, 4 ਸਤੰਬਰ (ਅਸ਼ੋਕ ਗਰਗ)- ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 2 ਕਰੋੜ 55 ਲੱਖ 86 ਹਜ਼ਾਰ ਰੁਪਏ ਦੀ ਲਾਗਤ ਨਾਲ ਡਰੇਨਾਂ ’ਤੇ ਉਸਾਰੇ ਜਾਣ ਵਾਲੇ ਤਿੰਨ ਪੁਲਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਸਬੰਧਤ ਪਿੰਡਾਂ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ ਤੇ ਰੋਜ਼ਾਨਾ ਆਉਣ-ਜਾਣ ਦੌਰਾਨ ਦਰਪੇਸ਼ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਡਰੇਨਜ਼ ਢਾਂਚੇ ਦੀ ਕਾਰਗੁਜ਼ਾਰੀ ਅਤੇ ਰੱਖ-ਰਖਾਅ ਨੂੰ ਵੀ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪਿੰਡ ਬਖੋਰਾ ਕਲਾਂ ਵਿਖੇ ਲਹਿਰਾਗਾਗਾ ਮੇਨ ਡਰੇਨ ਦੇ ਆਰ.ਡੀ. 28100 ’ਤੇ ਪੁਲ ਦਾ ਨਿਰਮਾਣ ਕਰੀਬ 93 ਲੱਖ 39 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸੇ ਤਰ੍ਹਾਂ ਰਾਮਗੜ੍ਹ ਸੰਧੂਆਂ ਵਿਖੇ ਐਲ-5 ਡਰੇਨ ਦੇ ਆਰ.ਡੀ. 7900 ’ਤੇ ਪੁਲ ਦੇ ਨਿਰਮਾਣ ਲਈ ਕਰੀਬ 66 ਲੱਖ 13 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪਿੰਡ ਕੋਟੜਾ ਲਹਿਲ ਵਿਖੇ ਲਹਿਰਾਗਾਗਾ ਲਿੰਕ ਡਰੇਨ ਦੇ ਆਰ.ਡੀ. 17600 ’ਤੇ ਪੁਲ ਦਾ ਨਿਰਮਾਣ ਕਰੀਬ 96 ਲੱਖ 34 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਡਰੇਨਾਂ ਉੱਤੇ ਪੁਲਾਂ ਦੀ ਉਸਾਰੀ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ ਅਤੇ ਪਿੰਡਾਂ ਵਿਚਕਾਰ ਆਵਾਜਾਈ ਹੋਰ ਸੁਚਾਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਆਪਣੇ ਰੋਜ਼ਾਨਾ ਕੰਮਕਾਜ ਤੇ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਲਈ ਆਉਣ-ਜਾਣ ਵਿੱਚ ਵੀ ਸਹੂਲਤ ਮਿਲੇਗੀ।ਕੈਬਨਿਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਮਿਆਰੀ ਨਿਰਮਾਣ ਸਮੱਗਰੀ ਦੀ ਵਰਤੋਂ ਕਰਦਿਆਂ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਜਲਦ ਤੋਂ ਜਲਦ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਪੁਲਾਂ ਦੀ ਉਸਾਰੀ ਨਾਲ ਬਖੋਰਾ ਕਲਾਂ, ਰਾਮਗੜ੍ਹ ਸੰਧਵਾਂ, ਕੋਟੜਾ ਲਹਿਲ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।