ਸੰਦੌੜ, 21 ਜਨਵਰੀ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਰਣਜੀਤ ਸਿੰਘ ਵਿਰਕਤ ਸੰਪਰਦਾਇ ਰਾੜਾ ਸਾਹਿਬ ਪੰਜਗਰਾਈਆਂ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਈਸ਼ਰ ਸਰ ਫਤਿਹਗੜ੍ਹ ਪੰਜਗਰਾਈਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮੌਜੂਦਾ ਮੁਖੀ ਸੰਤ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲਿਆਂ ਦੀ ਦੇਖ ਰੇਖ ਹੇਠ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਈਸਰਸਰ ਫਤਹਿਗੜ੍ਹ ਪੰਜਗਰਾਈਆਂ ਦੇ ਸੈਕਟਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਜਾਏ ਜਾਂਦੇ ਨਗਰ ਕੀਰਤਨ ਮੌਕੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਰਾਗੀ- ਢਾਡੀ ਅਤੇ ਕਵੀਸ਼ਰਾਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਰਣਜੀਤ ਸਿੰਘ ਵਿਰਕਤ ਦੇ ਜੀਵਨ ਸੰਬੰਧੀ ਚਾਨਣਾ ਪਾਇਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਬਾਪਲਾ ਅਤੇ ਪੰਜਗਰਾਈਆਂ ਨਗਰ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਮੌਕੇ ਸੰਤ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲਿਆਂ ਵਲੋਂ ਪੰਜ ਪਿਆਰੇ ਸਾਹਿਬਾਨ ਅਤੇ ਭਾਈ ਬਲਦੇਵ ਸਿੰਘ ਗਿੱਲ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਡ ਪੰਜਗਰਾਈਆਂ ਬਾਪਲਾ ਮਾਣਕੀ ਖ਼ੁਰਦ ਕੁਠਾਲਾ ਸ਼ੇਰਗੜ੍ਹ ਚੀਮਾ, ਅਬਦੁੱਲਾਪੁਰ ਚੁਹਾਣਾ, ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ |