ਧੂਰੀ, 21 ਜਨਵਰੀ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਉਸ ਫ਼ੈਸਲੇ ਦੀ ਭਰਭੂਰ ਸ਼ਲਾਘਾ ਕਰਦੀ ਹੈ ਜਿਸ ਵਿਚ ਉਨ੍ਹਾਂ ਨੇ 07 ਖ਼ੇਤਰੀ ਭਾਸ਼ਾਵਾਂ ਵਿਚ ਸਾਲਾਨਾ ਸਾਹਿਤਕ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ | ਉਹਨਾਂ ਨੇ ਇਹ ਬਿਆਨ ਚੇਨਈ ਕੌਮਾਂਤਰੀ ਪੁਸਤਕ ਮੇਲੇ ਵਿਖੇ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਪੁਰਸਕਾਰਾਂ ਨੂੰ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਰੋਕਣ ਅਤੇ ਕੇਂਦਰ ਦੇ ਕਥਿੱਤ ਸਿਆਸੀ ਦਖਲ ਦੇਣ ਦੇ ਰੁਝਾਨ ਦੀ ਅਲੋਚਨਾਂ ਕਰਦਿਆਂ ਦਿੱਤਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਭਾਵੇਂ ਉਕਤ ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਤਾਂ ਸ਼ਾਮਲ ਨਹੀਂ ਹੈ ਪ੍ਰੰਤੂ ਫਿਰ ਵੀ ਇਹ ਫੈਸਲਾ ਸਲਾਹੁਣਯੋਗ ਅਤੇ ਅਮਲ ਕਰਨ ਯੋਗ ਹੈ | ਉਨ੍ਹਾਂ ਨੇ ਬਾਕੀ ਮੁੱਖ ਮੰਤਰੀਆਂ ਤੋਂ ਵੀ ਮੰਗ ਕੀਤੀ ਹੈ ਕਿ ਉਹ ਵੀ ਸਾਹਿਤ ਅਕਾਦਮੀ ਦੇ ਐਲਾਨ 'ਤੇ ਰੋਕ ਲਾਉਣ ਦੀ ਵਿਰੋਧਤਾ ਕਰਦੇ ਹੋਏ ਆਪਣੇ ਰਾਜਾਂ ਵਿਚ ਵੀ ਤਾਮਿਲਨਾਡੂ ਵਾਂਗ ਵੱਖਰੇ ਸਾਲਾਨਾ ਪੁਰਸਕਾਰ ਚਾਲੂ ਕਰਨ, ਜਿਨ੍ਹਾਂ ਲਈ ਨਾਮਵਰ ਲੇਖਕਾਂ ਦੀਆਂ ਨਿਰਪੱਖ ਅਤੇ ਖ਼ੁਦ ਮੁਖਤਿਆਰ ਕਮੇਟੀਆਂ ਬਣਾ ਕੇ ਪੱਕੇ ਨਿਯਮ ਵੀ ਬਣਾਏ ਜਾਣ ਤਾਂ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਬੀਤੇ ਸਾਲਾਂ ਵਿਚ ਦਿੱਤੇ ਵੱਖੋ ਵੱਖ ਪੁਰਸਕਾਰਾਂ ਵਾਂਗ ਕਚਹਿਰੀਆਂ ਦੇ ਮੁਕੱਦਮਿਆਂ ਵਿਚ ਉਲਝ ਕੇ ਨਾ ਰਹਿ ਜਾਣ | ਇਸ ਮੌਕੇ ਉਨ੍ਹਾਂ ਦੇ ਨਾਲ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ, ਮੈਨੇਜਰ ਜਗਦੇਵ ਸ਼ਰਮਾ, ਜਨਰਲ ਸਕੱਤਰ ਚਰਨਜੀਤ ਮੀਮਸਾ, ਵਿੱਤ ਸਕੱਤਰ ਗੁਰਮੀਤ ਸਿੰਘ ਸੋਹੀ ਅਤੇ ਕਾਰਜਕਾਰਨੀ ਮੈਂਬਰ ਬਲਜੀਤ ਸਿੰਘ ਬਾਂਸਲ ਵੀ ਮੌਜੂਦ ਸਨ |