ਛਾਜਲੀ, 21 ਜਨਵਰੀ (ਨੀਲੋਵਾਲ) - ਥਾਣਾ ਛਾਜਲੀ ਦੀ ਪੁਲਿਸ ਨੇ ਛੇ ਮਹੀਨੇ ਪਹਿਲਾਂ ਦਰਜ ਮੁਕੱਦਮਾ ਨੰਬਰ 57/2025 ਦੀ ਤਫ਼ਤੀਸ਼ ਦੌਰਾਨ ਇੱਕ ਮਹੱਤਵਪੂਰਨ ਕਾਰਵਾਈ ਕੀਤੀ | ਪੁਲਿਸ ਮੁਤਾਬਿਕ ਇਸ ਮਾਮਲੇ ਵਿਚ ਰਵਿੰਦਰ ਸਿੰਘ, ਉਰਫ਼ ਕਾਲਾ ਨੂੰ ਡਰੱਗ ਸਪਲਾਈ ਨਾਲ ਜੁੜੇ ਮਾਮਲੇ ਵਿਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਦੋਸ਼ੀ ਦਾ ਇੱਕ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਅਤੇ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਜਾਰੀ ਹੈ | ਡੀ.ਐਸ.ਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਮਾਮਲੇ ਦਰਜ ਹਨ | ਦੱਸਣਯੋਗ ਹੈ ਕਿ ਕਥਿਤ ਦੋਸ਼ੀ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ | ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਡੇ ਪੁਲਿਸ ਬਲਾਂ ਦੇ ਨਾਲ ਰਵਿੰਦਰ ਸਿੰਘ ਨੂੰ ਅਦਾਲਤ ਲਈ ਲੈ ਕੇ ਗਈ, ਜਿੱਥੇ ਉਸ ਨੰੂ ਪੇਸ਼ ਕੀਤਾ ਗਿਆ | ਪੁਲਿਸ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਦੱਸਣਯੋਗ ਹੈ ਕਿ ਇਸ ਮੁਕੱਦਮੇ ਦਾ ਪਿਛੋਕੜ ਪਿੰਡ ਬਟੜਿਆਣਾ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਨਾਲ ਜੁੜਿਆ ਹੋਇਆ ਹੈ | ਪੁਲਿਸ ਦਾ ਦਾਅਵਾ ਹੈ ਕਿ ਤਫ਼ਤੀਸ਼ ਦੌਰਾਨ ਨਸ਼ਾ ਸਪਲਾਈ ਨਾਲ ਜੁੜੇ ਲਿੰਕ ਸਾਹਮਣੇ ਆਏ, ਜਿਸ ਦੇ ਆਧਾਰ 'ਤੇ ਰਵਿੰਦਰ ਸਿੰਘ ਉਰਫ਼ ਕਾਲਾ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਦੂਜੇ ਪਾਸੇ ਇਸ ਕਾਰਵਾਈ ਤੋਂ ਬਾਅਦ, ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਪਿੰਡ ਵਾਸੀ ਵੱਡੀ ਗਿਣਤੀ 'ਚ ਥਾਣਾ ਛਾਜਲੀ ਪਹੁੰਚੇ | ਪਿੰਡ ਦੇ ਸਰਪੰਚ ਬਿੱਕਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਨੂੰ ਤੜਕੇ 6 ਵਜੇ ਬਿਨਾਂ ਕੋਈ ਸੂਚਨਾ ਦਿੱਤੇ ਘਰੋਂ ਚੁੱਕਿਆ ਗਿਆ | ਪਰਿਵਾਰਕ ਮੈਂਬਰਾਂ ਅਤੇ ਵਾਸੀਆਂ ਨੇ ਕਿਹਾ ਕਿ ਰਵਿੰਦਰ ਸਿੰਘ ਦਿਲ ਦਾ ਮਰੀਜ਼ ਹੈ | ਉਨ੍ਹਾਂ ਕਿਹਾ ਕਿ ਜਿਸ ਮਾਮਲੇ 'ਚ ਉਸ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ ਉਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ, ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ | ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਨਾਜਾਇਜ਼ ਤੌਰ ਤੇ ਉਕਤ ਵਿਅਕਤੀ ਨੂੰ ਫਸਾਇਆ ਜਾ ਰਿਹਾ ਹੈ | ਮਿ੍ਤਕ ਦੇ ਰਿਸ਼ਤੇਦਾਰ ਬਲਰਾਜ ਸਿੰਘ ਅਤੇ ਬਟੜਿਆਣਾ ਦੇ ਸਰਪੰਚ ਬਿੰਦਰ ਸਿੰਘ ਵੀ ਥਾਣੇ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਜਿਸ ਮਾਮਲੇ 'ਚ ਇਸ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਉਸ ਵਿਅਕਤੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ | ਉਨ੍ਹਾਂ ਨੇ ਪੁਲਿਸ ਕਾਰਵਾਈ ਨੂੰ ਵੱਖਰੇ ਰੂਪ ਵਿਚ ਦਰਸਾਉਣ ਦੇ ਢੰਗ ਤੇ ਸਵਾਲ ਉਠਾਏ ਅਤੇ ਮੰਗ ਕੀਤੀ ਕਿ ਕਿਸੇ ਨੂੰ ਨਾਜਾਇਜ਼ ਨਾ ਫਸਾਇਆ ਜਾਵੇ |