ਧਰਮਕੋਟ, 30 ਮਾਰਚ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵਲੋਂ ਅੱਜ ਡੀ.ਐੱਸ.ਪੀ. ਦਫ਼ਤਰ ਧਰਮਕੋਟ ਅੱਗੇ ਖ਼ਬਰ ਲਿਖੇ ਜਾਣ ਤੱਕ ਚੱਲ ਰਿਹਾ ਸੀ | ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਮਸਲੇ ਦਾ ਹੱਲ ਨਾ ਕੀਤਾ ਤਾਂ ਇਸ ਧਰਨੇ ਨੂੰ ਰਾਤ ਦਿਨ ਦੇ ਧਰਨੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ | ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਹਰਮੰਦਰ ਸਿੰਘ ਡੇਮਰੂ ਨੇ ਕਿਹਾ ਕਿ ਕਿਸਾਨ ਜਸਵਿੰਦਰ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਪਾਸੋਂ 2009 ਵਿਚ ਆੜ੍ਹਤੀਆਂ ਮੱਘਰ ਸਿੰਘ ਪਿੰਡ ਕਿਸ਼ਨਪੁਰਾ ਨੇ ਕਿਸਾਨ ਨੂੰ ਕਰਜ਼ਾ ਦੇਣ ਬਦਲੇ 1 ਏਕੜ ਦੀ ਰਜਿਸਟਰੀ ਕਰਵਾ ਲਈ ਸੀ | 2012 ਵਿਚ ਕਿਸਾਨ ਨੇ 10 ਲੱਖ ਰੁਪਏ ਆੜ੍ਹਤੀਏ ਨੂੰ ਵਾਪਸ ਕਰ ਦਿੱਤਾ ਸੀ ਪਰ ਆੜ੍ਹਤੀਏ ਨੇ ਵਾਅਦੇ ਤੋਂ ਮੁੱਕਰਦਿਆਂ ਕਿਸਾਨ ਦੇ ਨਾਮ ਜ਼ਮੀਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਸਦਮੇ ਨੂੰ ਨਾ ਸਹਾਰਦੇ ਹੋਏ 2019 ਵਿਚ ਕਿਸਾਨ ਜਸਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ | ਜਦੋਂ ਪਰਿਵਾਰ ਨੇ ਆੜ੍ਹਤੀਏ ਮੱਘਰ ਸਿੰਘ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਤਾਂ ਪਿੰਡ ਦੇ ਮੁਹਤਬਰਾਂ ਨੇ ਜ਼ਮੀਨ ਵਾਪਸ ਕਰਨ 'ਤੇ ਪੀੜਤ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦੇ ਕੇ ਮਿ੍ਤਕ ਕਿਸਾਨ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ | ਇਸ ਤੋਂ ਬਾਅਦ ਆੜ੍ਹਤੀਏ ਨੇ ਵਿਧਵਾ ਹਰਜੀਤ ਕੌਰ ਤੇ ਉਸ ਦੇ ਬੱਚੇ ਨੂੰ ਅੱਜ ਤੱਕ ਕੋਈ ਇਨਸਾਫ ਨਾ ਦਿੱਤਾ ਤੇ ਨਾ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ, ਪੀੜਤ ਪਰਿਵਾਰ ਨੂੰ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਤੇ ਵੀ ਇਨਸਾਫ ਨਹੀਂ ਦਿੱਤਾ | ਇਸ ਲਈ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਜਸਵਿੰਦਰ ਸਿੰਘ ਦੀ ਖ਼ੁਦਕੁਸ਼ੀ ਦਾ ਜ਼ਿੰਮੇਵਾਰ ਆੜ੍ਹਤੀਆਂ ਮੱਘਰ ਸਿੰਘ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਸ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਕਿਸਾਨ ਦੀ ਸਕਿਉਰਿਟੀ ਵਜੋਂ ਰੱਖੀ ਜ਼ਮੀਨ ਵਾਪਸ ਪਰਿਵਾਰ ਨੂੰ ਦਿਵਾਈ ਜਾਵੇ | ਮੰਜ਼ਲੀ ਪਿੰਡ ਵਿਚ ਰੇਤਾ ਦੇ ਕੀਤੇ ਪਰਚੇ ਥਾਣਾ ਧਰਮਕੋਟ ਵਿਚ ਮੰਨੀ ਮੰਗ ਅਨੁਸਾਰ ਰੱਦ ਕੀਤੇ ਜਾਣ ਤੇ ਪਰਾਲੀ ਸਾੜਨ ਦੇ ਕੀਤੇ ਪਰਚੇ ਵੀ ਮੰਨੀ ਮੰਗ ਮੁਤਾਬਿਕ ਰੱਦ ਕੀਤੇ ਜਾਣ | ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੁਣਵਾਈ ਨਾ ਹੋਈ ਤਾਂ ਇਹ ਧਰਨਾ ਪੱਕੇ ਮੋਰਚੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸ਼ਾਹ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਸੋਹਣ ਸਿੰਘ ਰਾਮੰੂਵਾਲਾ, ਰਣਜੀਤ ਸਿੰਘ ਬੁੱਟਰ, ਬਲਵੰਤ ਸਿੰਘ ਕਿਸ਼ਨਪੁਰਾ, ਗੁਰਭੇਜ ਸਿੰਘ ਸ਼ਾਹ ਵਾਲਾ, ਕਪੂਰ ਸਿੰਘ ਕੰਬੋਜ, ਹੀਰਾ ਸਿੰਘ, ਬਲਵਿੰਦਰ ਸਿੰਘ ਕੋਕਰੀ, ਨਛੱਤਰ ਸਿੰਘ ਹੇਰ, ਹਰਨੇਕ ਸਿੰਘ ਡੇਮਰੂ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ |