ਨਵੀਂ ਦਿੱਲੀ, 15 ਨਵੰਬਰ (ਏਜੰਸੀ)-ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਐੱਸ.ਆਈ.ਆਰ. ਦੌਰਾਨ ਡਰਾਫਟ ਵੋਟਰ ਸੂਚੀ ’ਚੋਂ ਨਾਂਅ ਗਾਇਬ ਹੋਣ ਵਾਲੇ ਪਹਿਲਾਂ ਤੋਂ ਦਰਜ ਵੋਟਰ ਫਾਰਮ-6 ਭਰ ਕੇ ਮੁੜ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਿਰਫ਼ ਪਹਿਲਾਂ ਵੋਟਰ ਹੋਣ ਦੇ ਆਧਾਰ ’ਤੇ ਉਨ੍ਹਾਂ ਵਿਰੁੱਧ ਕੋਈ ਮੁਕੱਦਮਾ ਨਹੀਂ ਚਲਾਇਆ ਜਾਵੇਗਾ।
ਇਹ ਛੋਟ ਉਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਦਾ ਨਾਂਅ ਕਿਸੇ ਹੋਰ ਲੋਕ ਸਭਾ ਜਾਂ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ’ਚ ਦਰਜ ਨਹੀਂ ਹੈ। ਸੁਪਰੀਮ ਕੋਰਟ ’ਚ ਦਾਇਰ ਹਲਫ਼ਨਾਮੇ ’ਚ ਕਮਿਸ਼ਨ ਨੇ ਦੱਸਿਆ ਕਿ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਇਸ ਸਬੰਧੀ ਸਥਾਨਕ ਭਾਸ਼ਾਵਾਂ ’ਚ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ।
ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਰ ਆਪਣਾ ਸਵੈ ਗਣਨਾ (ਐਨੂਮਰੇਸ਼ਨ) ਫਾਰਮ ਈ.ਆਰ.ਓ., ਏ. ਈ. ਆਰ. ਓ. ਜਾਂ ਬੀ.ਐੱਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਪਰਿਵਾਰਕ ਮੈਂਬਰਾਂ ਰਾਹੀਂ ਤੇ ਈ.ਸੀ.ਆਈ. ਨੈਟ ’ਤੇ ਈ-ਸਾਈਨ ਨਾਲ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਹੋਵੇਗੀ। ਕਮਿਸ਼ਨ ਅਨੁਸਾਰ ਯੋਗ ਵੋਟਰਾਂ ਨੂੰ ਅੰਤਿਮ ਸੂਚੀ ’ਚ ਨਾਂਅ ਦਰਜ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ ਤੇ ਦੋਹਰੀ ਰਜਿਸਟ੍ਰੇਸ਼ਨ ਰੋਕਣ ਦਾ ਵੀ ਧਿਆਨ ਰੱਖਿਆ ਜਾਵੇਗਾ।