ਅਜੀਤਵਾਲ, 30 ਮਾਰਚ (ਹਰਦੇਵ ਸਿੰਘ ਮਾਨ)-ਪਿਛਲੇ ਕਈ ਦਹਾਕਿਆਂ ਤੋਂ ਵਿੱਦਿਆ ਦੇ ਖੇਤਰ ਵਿਚ ਪ੍ਰਮੁੱਖਤਾ ਨਾਲ ਸੇਵਾਵਾਂ ਨਿਭਾ ਰਹੀ ਇਲਾਕੇ ਦੀ ਉੱਚ ਵਿੱਦਿਅਕ ਸੰਸਥਾ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਮੱਦੋਕੇ ਵਿਖੇ ਸਾਲਾਨਾ ਇਮਤਿਹਾਨਾਂ ਦਾ ਨਤੀਜਾ ਐਲਾਨਿਆ ਗਿਆ, ਜੋ 100 ਫ਼ੀਸਦੀ ਰਿਹਾ | ਇਸ ਦੌਰਾਨ ਸਕੂਲ ਦੀ ਸਜਾਵਟ ਕੀਤੀ ਗਈ ਅਤੇ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ ਗਿਆ | ਨਤੀਜਿਆਂ ਉਪਰੰਤ ਉੱਚ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ, ਪਿ੍ੰਸੀਪਲ ਮੈਡਮ ਪਰਵਿੰਦਰ ਕੌਰ ਨੇ ਸਾਰੇ ਬੱਚਿਆਂ ਖ਼ਾਸਕਰ ਨੰਨੇ ਬੱਚਿਆਂ ਦੀ ਪੜ੍ਹਾਈ ਵਿਚ ਲਗਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੇ.ਜੀ. ਦੀਆਂ ਵਿਦਿਆਰਥਣਾਂ ਮਹਿਤਾਬ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ 450/450 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਵਿਦਿਆਰਥੀ ਕਰਮਵੀਰ ਸਿੰਘ ਨੇ 449/ 450 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਗੁਰਸਹਿਜ ਸਿੰਘ ਨੇ 447/450 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਾਰੀਆਂ ਕਲਾਸਾਂ ਦੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਪਿ੍ੰਸੀਪਲ ਪਰਵਿੰਦਰ ਕੌਰ ਵਲੋਂ ਸਟਾਫ਼ ਸਮੇਤ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇੰਨਾ ਸ਼ਾਨਦਾਰ ਨਤੀਜਿਆਂ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੇ ਨਾਲ ਬੱਚਿਆਂ ਨੂੰ ਪਿਆਰ ਨਾਲ ਦਿੱਤੀ ਸਿੱਖਿਆ ਦਾ ਨਤੀਜਾ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੰਦਿਆਂ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਾਲਾਂ ਵਿਚ ਵੀ ਜਿੱਥੇ ਵਿਦਿਆਰਥੀ ਆਪਣੀ ਮਿਹਨਤ ਲਗਨ ਨਾਲ ਉੱਚ ਮੁਕਾਮ ਹਾਸਲ ਕਰਨਗੇ | ਉੱਥੇ ਸਮੂਹ ਅਧਿਆਪਕ ਵੀ ਪਹਿਲਾਂ ਦੀ ਤਰ੍ਹਾਂ ਸਖ਼ਤ ਮਿਹਨਤ ਨਾਲ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਯਤਨਸ਼ੀਲ ਹੋ ਕੇ ਸੰਸਥਾ ਦਾ ਨਾਮ ਰੌਸ਼ਨ ਕਰਨਗੇ | ਸਮੂਹ ਸਟਾਫ਼ ਵਲੋਂ ਮਾਪਿਆਂ ਨੂੰ ਸ਼ਾਨਦਾਰ ਨਤੀਜਿਆਂ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿ੍ੰਸੀਪਲ ਮੈਡਮ ਪਰਵਿੰਦਰ ਕੌਰ, ਸੁਖਮੰਦਰ ਸਿੰਘ, ਹਰਤੇਜ ਸਿੰਘ, ਹਰਜੀਤ ਕੌਰ, ਬਲਜੀਤ ਕੌਰ, ਹਰਦੀਪ ਕੌਰ, ਪਰਦੀਪ ਕੌਰ, ਹਰਮਨਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ |