ਮੋਗਾ, 21 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਅੰਦਰ ਮੇਅਰ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦੇ ਮੇਅਰ ਪ੍ਰਵੀਨ ਕੁਮਾਰ ਪੀਨਾ ਚੋਣ ਜਿੱਤ ਕੇ ਮੇਅਰ ਦੇ ਪਦ 'ਤੇ ਬੈਠ ਗਏ | ਇਹ ਜਿੱਤ ਨਗਰ ਨਿਗਮ ਮੋਗਾ ਵਲੋਂ ਸ਼ਹਿਰ ਵਿਚ ਕਰਵਾਏ ਜਾ ਰਹੇ ਵਿਕਾਸ ਤੇ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਵੱਡੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਜਿੱਥੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਉੱਥੇ ਸ਼ਹਿਰ ਨੂੰ ਵੀ ਸੁੰਦਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਇਹ ਪ੍ਰਗਟਾਵਾ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਦਰ ਬਿਨਾਂ ਕਿਸੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਜੋ ਰੌਲਾ ਵਿਰੋਧੀ ਪਾਰਟੀਆਂ ਵਲੋਂ ਪਾਇਆ ਜਾ ਰਿਹਾ ਹੈ ਉਹ ਬੇਬੁਨਿਆਦ ਤੇ ਪਾਰਟੀ ਨੂੰ ਬਦਨਾਮ ਕਰਨ ਲਈ ਹੀ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਪੂਰੇ ਪੰਜਾਬ ਅੰਦਰ ਹੀ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ ਤੇ ਲੋਕ ਉਨ੍ਹਾਂ ਦੀਆਂ ਲੋਕਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਸਾਲ 2027 ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਮੌਕਾ ਦੇਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਤੱਕ ਨਗਰ ਨਿਗਮ ਮੋਗਾ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਉਨ੍ਹਾਂ ਚੋਣਾਂ ਵਿਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ 'ਆਪ' ਦਾ ਮੇਅਰ ਚੁਣਨਗੇ ਤੇ ਸ਼ਹਿਰ ਵਿਕਾਸ ਪੱਖੋਂ ਮੋਹਰੀ ਸ਼ਹਿਰ ਹੋਵੇਗਾ |