ਐੱਸ. ਏ. ਐੱਸ. ਨਗਰ, 26 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-8 ਸਥਿਤ ਗਮਾਡਾ ਦਫ਼ਤਰ ਅੱਗੇ ਏਅਰੋਟਰੋਪੋਲਿਸ ਖੇਤਰ ਦੇ ਵਿਸਥਾਰ ਲਈ ਡੇਢ ਦਰਜਨ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਪੱਕਾ ਧਰਨਾ ਲਗਾ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ | ਗਮਾਡਾ ਵਲੋਂ ਕਿਸਾਨਾਂ ਦੇ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਅੱਜ 26 ਮਾਰਚ ਨੂੰ ਏਅਰੋਟਰੋਪੋਲਿਸ ਦੇ ਵਿਸਤਾਰ ਲਈ 3,553 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਵਿਭਾਗ ਵਲੋਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਕਿਸਾਨਾਂ ਵਿਚ ਵੱਡੀ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਏਅਰੋਟਰੋਪੋਲਿਸ ਵਿਸਥਾਰ ਪ੍ਰਾਜੈਕਟ (ਏਅਰੋਟਰੋਪੋਲਿਸ ਪਾਕੇਟ ਈ ਤੋਂ ਜੇ ਬਲਾਕ) ਲਈ ਪਿੰਡ ਸਿਆਊ, ਕੁਰੜੀ, ਮਟਰਾਂ, ਬੜੀ, ਕਿਸ਼ਨਪੁਰਾ, ਪੱਤੋਂ, ਬਾਕਰਪੁਰ ਅਤੇ ਛੱਤ ਸਮੇਤ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ | ਇਹ ਪ੍ਰਕਿਰਿਆ ਜ਼ਮੀਨ ਪ੍ਰਾਪਤੀ, ਪੁਨਰਵਾਸ ਅਤੇ ਪੁਨਰਵਾਸ ਵਿਚ ਨਿਰਪੱਖ ਮੁਆਵਜ਼ੇ ਅਤੇ ਪਾਰਦਰਸ਼ਤਾ ਦੇ ਅਧਿਕਾਰ ਐਕਟ 2013 ਦੇ ਤਹਿਤ ਅਮਲ 'ਚ ਲਿਆਂਦੀ ਜਾ ਰਹੀ ਹੈ | ਸਰਕਾਰ ਦੇ ਅਨੁਸਾਰ ਇਸ ਪ੍ਰਾਜੈਕਟ ਲਈ ਇਕ ਸਮਾਜਿਕ ਪ੍ਰਭਾਵ ਮੁਲਾਂਕਣ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਤਿਆਰ ਕੀਤੀ ਗਈ ਸੀ | ਇਸ ਦੌਰਾਨ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਪਿੰਡ ਕੁਰੜੀ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਗਮਾਡਾ ਦੇ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਜ਼ਬਰਦਸਤੀ ਜ਼ਮੀਨ ਪ੍ਰਾਪਤੀ ਕੀਤੀ ਜਾ ਰਹੀ ਹੈ | ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨੋਟੀਫ਼ਿਕੇਸ਼ਨ ਵਾਪਸ ਨਾ ਲਿਆ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਗੇ | ਕਿਸਾਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਵਲੋਂ ਦਰਜ ਕਰਵਾਏ ਇਤਰਾਜ਼ਾਂ ਦਾ ਹੱਲ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਉਹ ਆਪਣੀ ਇਕ ਇੰਚ ਜ਼ਮੀਨ ਵੀ ਗਮਾਡਾ ਨੂੰ ਐਕਵਾਇਰ ਨਹੀਂ ਕਰਨ ਦੇਣਗੇ |
ਵਿਰੋਧ ਦੇ ਬਾਵਜੂਦ ਏਅਰੋਟਰੋਪੋਲਿਸ ਦੇ ਵਿਸਤਾਰ ਲਈ 3,553 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ
ਅਜੀਤ ਡੈਸਕ
27-03-2026