ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਬੀਤੇ ਸੋਮਵਾਰ ਨੂੰ ਸ਼ਹਿਰ ਦੇ ਮੁਹੱਲਾ ਜਾਨੀਆਂ ਵਿਖੇ ਇਕ ਅਪਾਹਜ ਔਰਤ ਨੂੰ ਕਤਲ ਕਰਨ ਅਤੇ ਘਰ ’ਚ ਪਾਈ ਨਕਦੀ ਨੂੰ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਜਾਂਚ ਨੂੰ ਤੇਜ਼ ਕਰਦਿਆਂ ਦੋ ਘੰਟਿਆਂ ’ਚ ਹੀ ਕਾਤਲ ਨੂੰ ਹਥਿਆਰ ਤੇ ਚੋਰੀ ਕੀਤੀ ਰਾਸ਼ੀ ਸਮੇਤ ਕਾਬੂ ਕਰ ਲਿਆ। ਕਾਤਲ ਉਕਤ ਮਹਿਲਾ ਦਾ ਗੁਆਂਢੀ ਹੀ ਹੈ। ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਜੋਗੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਮੁਹੱਲਾ ਜਾਨੀਆ ਵਿਖੇ ਵਾਪਰੇ ਦਿਨ-ਦਿਹਾੜੇ ਕਤਲ ਦੇ ਮਾਮਲੇ ਨੂੰ ਮਹਿਜ਼ 2 ਘੰਟਿਆਂ ਵਿਚ ਟਰੇਸ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਦਈ ਮੁਕੱਦਮਾ ਪ੍ਰਦੀਪ ਕਾਲੜਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਰੋਜਾਨਾ ਦੀ ਤਰਾਂ ਸੁਭਾ 7.30 ਵਜੇ ਆਪਣੀ ਡਿਊਟੀ ’ਤੇ ਗਿਆ ਸੀ ਤੇ ਉਸਦੀਆਂ ਬੇਟੀਆਂ ਵੀ ਸਕੂਲ ਗਈਆਂ ਸਨ ਪ੍ਰੰਤੂ ਉਸਦੀ ਪਤਨੀ ਨੀਤੂ ਘਰ ਵਿਚ ਸੀ। ਜਦ ਉਹ ਡਿਊਟੀ ਤੋਂ ਫ਼ਾਰਗ ਹੋ ਕੇ ਦੁਪਹਿਰ 2.10 ’ਤੇ ਬੂਹੇ ਅੱਗੇ ਆ ਗਿਆ ਤੇ ਆਪਣੀ ਪਤਨੀ ਨੂੰ ਸਮਾਨ ਚੁੱਕਣ ਲਈ ਆਵਾਜ਼ ਮਾਰੀ ਤਾਂ ਉਹ ਬਾਹਰ ਨਹੀਂ ਆਈ। ਉਸਦੀ ਆਵਾਜ਼ ਸੁਣ ਕੇ ਉਸਦੀ ਭਰਜਾਈ ਮੀਰਾ ਉਸ ਪਾਸ ਆਈ ਤੇ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਸਦੀ ਪਤਨੀ ਬੈੱਡ ਤੋਂ ਥੱਲੇ ਡਿੱਗੀ ਖੂਨ ਨਾਲ ਲੱਥ ਪੱਥ ਪਈ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਉਸਨੇ ਅਲਮਾਰੀ ਵਿਚ 44 ਹਜ਼ਾਰ ਰੁਪਏ ਨਕਦ ਰੱਖੇ ਸੀ ਜੋ ਅਲਮਾਰੀ ਵਿਚ ਨਹੀਂ ਸਨ। ਉਸਨੇ ਦੱਸਿਆ ਕਿ ਪ੍ਰੇਮ ਚੰਦ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਜਿਸ ਨੇ ਉਸਦੇ ਘਰ ਪਹਿਲਾਂ ਵੀ ਨਿੱਕੀ ਮੋਟੀ ਚੋਰੀ ਕੀਤੀ ਸੀ ਜਿਸਨੂੰ ਉਸਦੀ ਪਤਨੀ ਰੋਕਦੀ ਸੀ। ਇਸਨੂੰ ਪਤਾ ਸੀ ਕਿ ਉਸਦੀ ਪਤਨੀ ਘਰ ਵਿਚ ਇਕੱਲੀ ਹੁੰਦੀ ਹੈ। ਉਸਦੇ ਗੁਆਂਢੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਤੁਹਾਡੇ ਘਰੋਂ ਪ੍ਰੇਮ ਚੰਦ ਨਿਕਲਿਆ ਸੀ ਅਤੇ ਜੋ ਤੇਜ਼ ਕਦਮੀ ਜਾ ਰਿਹਾ ਸੀ। ਜਿਸਨੇ ਉਸਦੀ ਪਤਨੀ ਦਾ ਕਤਲ ਕਰਕੇ ਦਰਾਜ ਵਿਚੋਂ 44 ਹਜ਼ਾਰ ਰੁਪਏ ਚੋਰੀ ਕਰਕੇ ਭੱਜ ਗਿਆ ਹੈ। ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿਚ ਦੋਸ਼ੀ ਪ੍ਰੇਮ ਚੰਦ ਪੁੱਤਰ ਬਦਰੀ ਨਾਥ ਵਾਸੀ ਸੋਢੀਆ ਵਾਲੀ ਗਲੀ ਮੁਹੱਲਾ ਜਾਨੀਆ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰੇਮ ਚੰਦ ਗਿਣੀ-ਮਿਥੀ ਸਾਜਿਸ ਦੇ ਤਹਿਤ ਘਰ ਅੰਦਰ ਦਾਖ਼ਲ ਹੋਇਆ, ਜਿਸ ਉਪਰੰਤ ਉਸ ਵਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਮਾਮਲੇ ਦੀ ਹੋਰ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫ਼ਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕਰਨ ਲਈ ਪੁੱਛਗਿੱਛ ਕੀਤੀ ਜਾ ਸਕੇ।
ਅਪਾਹਜ ਮਹਿਲਾ ਦਾ ਹੱਤਿਆਰਾ ਪੁਲਿਸ ਵਲੋਂ ਕਾਬੂ, ਗੁਆਂਢੀ ਹੀ ਨਿਕਲਿਆ ਕਾਤਲ
ਅਜੀਤ ਡੈਸਕ
15-07-2026