ਝਬਾਲ (ਅੰਮ੍ਰਿਤਸਰ), 4 ਅਗਸਤ (ਸੁਖਦੇਵ ਸਿੰਘ/ਸਰਬਜੀਤ ਸਿੰਘ)- ਝਬਾਲ ਵਿਖੇ ਗੱਡੀ ਨੂੰ ਰਸਤਾ ਨਾ ਦੇਣ ਤੇ ਹੋਏ ਤਕਰਾਰ ਤੋਂ ਬਾਅਦ ਟ੍ਰੈਕਟਰ ਚਾਲਕ ਨੌਜਵਾਨ ਵਲੋਂ ਚਲਾਈ ਗੋਲੀ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਸਨਮ ਪੁੱਤਰ ਗੁਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਗੱਡੀ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾ ਸਾਹਮਣੇ ਤੋਂ ਟ੍ਰੈਕਟਰ ਲੈ ਕੇ ਆ ਰਹੇ ਕੀਰਤ ਨਾਂ ਦੇ ਨੌਜਵਾਨ ਵਲੋਂ ਰਸਤਾ ਨਾ ਦੇਣ ਤੇ ਉਨ੍ਹਾਂ ਦਾ ਆਪਸੀ ਤਕਰਾਰ ਹੋ ਗਿਆ।
ਰੋਲਾਂ ਰੱਪਾ ਸੁਣ ਕੇ ਜਦੋਂ ਸਨਮ ਦੇ ਪਿਤਾ ਗੁਰਵਿੰਦਰ ਸਿੰਘ ਅਤੇ ਚਾਚਾ ਕੁਲਵਿੰਦਰ ਸਿੰਘ ਮਿੰਟੂ ਉੱਥੇ ਪੁੱਜੇ ਤਾਂ ਟ੍ਰੈਕਟਰ ਚਾਲਕ ਨੇ ਆਪਣੇ ਡੱਬ ਵਿਚੋਂ ਪਿਸਤੋਲ ਕੱਢਕੇ ਦੋਵਾਂ ਭਰਾਵਾਂ ਦੇ ਗੋਲੀ ਮਾਰ ਦਿੱਤੀ। ਜਿਸ ਨਾਲ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਤੁਰੰਤ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ।
ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਨਮ ਅਤੇ ਕੀਰਤ ਦਾ ਆਪਸੀ ਤਕਰਾਰ ਹੋਇਆ ਸੀ। ਥਾਣਾ ਝਬਾਲ ਦੀ ਪੁਲੀਸ ਨੇ ਮੋਕੇ ਤੇ ਪੁੱਜ ਕੇ ਟਰੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।