27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਐੱਨ.ਐੱਚ.ਐੱਮ. ਕਰਮਚਾਰੀਆਂ ਨੇ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 26-06-2026
ਸ੍ਰੀ ਮੁਕਤਸਰ ਸਾਹਿਬ, 25 ਜੂਨ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਿਚ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਮੰਗਾਂ ਦੇ ਸੰਬੰਧ ਵਿਚ ਮੰਗ ਪੱਤਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਪਿਛਲੇ 15-20 ਸਾਲਾਂ ਤੋਂ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਭਰੇ ਦੌਰ ’ਚ ਨਿਗੂਣੀਆਂ ਤਨਖ਼ਾਹਾਂ ਹੋਣ ਕਾਰਨ ਕਰਮਚਾਰੀਆਂ ਵਲੋਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਯੂਨੀਅਨ ਦੇ ਹੋਰ ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਮੌਜੂਦਾ ਸਰਕਾਰ ਨੂੰ ਕਈ ਵਾਰ ਜਾਣੂ ਵੀ ਕਰਵਾਇਆ ਜਾ ਚੁੱਕਾ ਹੈ ਅਤੇ ਸਰਕਾਰ ਵਲੋਂ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਹੋਈਆਂ ਯੂਨੀਅਨ ਦੀਆਂ ਮੀਟਿੰਗਾਂ ਵਿਚ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਿਆ। ਤਨਖ਼ਾਹਾਂ ਵਿਚ ਵਾਧਾ ਤਾਂ ਕੀ ਕਰਨਾ, ਹੁਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਲੈਣ ਲਈ ਵੀ ਜੱਦੋ-ਜ਼ਹਿਦ ਕਰਨੀ ਪੈ ਰਹੀ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਯੂਨੀਅਨ ਦੀ ਮੰਗ ਹੈ ਕਿ ਮੁਲਾਜ਼ਮਾਂ ਨੂੰ ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਦਿੱਤੀ ਜਾਵੇ, ਤਨਖ਼ਾਹਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਜਾਵੇ, ਰਿਟਾਇਰਮੈਂਟ ਉਮਰ 62 ਸਾਲ ਕੀਤੀ ਜਾਵੇ, ਐੱਨ.ਐੱਚ.ਐੱਮ. ਕਰਮਚਾਰੀਆਂ ਲਈ ਗਰੈਜੂਏਟੀ, ਮੈਡੀਕਲ ਰਿਇਮਬਰਸਮੈਂਟ, ਫੈਮਿਲੀ ਇੰਸ਼ੋਰੈਂਸ ਦੀ ਸਹੂਲਤ ਦਿੱਤੀ ਜਾਵੇ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਫ਼ਿਰ ਵੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਮੁੱਖ ਮੰਤਰੀ, ਸਿਹਤ ਮੰਤਰੀ ਦੇ ਖ਼ਿਲਾਫ਼ ਧਰਨੇ ਤੇ ਘਿਰਾਓ ਕਰਨ ਦੀ ਮੁਹਿੰਮ ਵਿੱਢੀ ਜਾਵੇਗੀ। ਇਸ ਮੌਕੇ ਭਾਰਤ ਭੂਸ਼ਨ, ਪ੍ਰਭਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਕੁੰਦਨ ਲਾਲ, ਰਾਧਿਕਾ ਰਾਣੀ, ਗਗਨਦੀਪ ਕੌਰ, ਮਨਪ੍ਰੀਤ ਸਿੰਘ, ਕੁਮਾਰ ਗੌਰਵ, ਰਾਏ ਸਾਹਿਬ ਤੇ ਹੋਰ ਐੱਨ.ਐੱਚ.ਐੱਮ. ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀ ਤੇ ਕਰਮਚਾਰੀ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਸਕੂਲ ਰੁਪਾਣਾ ਦੇ 13 ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।