ਸਕੱਤਰ ਸ਼ੈਲੇਂਦਰ ਕੌਰ ਨੇ ਜੈਤੋ ਵਿਖੇ ਕਮਿਊਨਿਟੀ ਸੀਡ ਬੈਂਕ ਦਾ ਕੀਤਾ ਦੌਰਾ
ਜੈਤੋ, 21 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਬਾਇਓ ਡਾਇਵਰਸਿਟੀ ਬੋਰਡ ਦੀ ਮੈਂਬਰ ਸਕੱਤਰ ਸ਼ੈਲੇਂਦਰ ਕੌਰ ਨੇ ਜੈਤੋ ਵਿਖੇ ਖੇਤੀ ਵਿਰਾਸਤ ਮਿਸ਼ਨ ਵਲੋਂ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਕਮਿਊਨਿਟੀ ਸੀਡ ਬੈਂਕ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਸੀਡ ਬੈਂਕ ਦੇ ਰੱਖ-ਰਖਾਅ ਅਤੇ ਇੱਥੇ ਸੰਭਾਲ ਕੇ ਰੱਖੇ ਗਏ ਰਵਾਇਤੀ ਦੇਸੀ ਬੀਜਾਂ ਦੇ ਭੰਡਾਰ ਨੂੰ ਦੇਖ ਕੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਜੈਤੋ, 21 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਬਾਇਓ ਡਾਇਵਰਸਿਟੀ ਬੋਰਡ ਦੀ ਮੈਂਬਰ ਸਕੱਤਰ ਸ਼ੈਲੇਂਦਰ ਕੌਰ ਨੇ ਜੈਤੋ ਵਿਖੇ ਖੇਤੀ ਵਿਰਾਸਤ ਮਿਸ਼ਨ ਵਲੋਂ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਕਮਿਊਨਿਟੀ ਸੀਡ ਬੈਂਕ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਸੀਡ ਬੈਂਕ ਦੇ ਰੱਖ-ਰਖਾਅ ਅਤੇ ਇੱਥੇ ਸੰਭਾਲ ਕੇ ਰੱਖੇ ਗਏ ਰਵਾਇਤੀ ਦੇਸੀ ਬੀਜਾਂ ਦੇ ਭੰਡਾਰ ਨੂੰ ਦੇਖ ਕੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਜਗਤਾਰ ਧਾਲੀਵਾਲ ਅਤੇ ਸੁਖਵਿੰਦਰ ਸਿੰਘ ਹੈਪੀ ਨੇ ਬੀਜਾਂ ਦੀ ਚੋਣ ਤੋਂ ਲੈ ਕੇ ਸੰਭਾਲ ਤੱਕ ਦੀ ਸਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ । ਸ਼ੈਲੇਂਦਰ ਕੌਰ ਨੇ ਖੇਤੀ ਵਿਰਾਸਤ ਮਿਸ਼ਨ ਵਲੋਂ ਪਰਾਲੀ ਪ੍ਰਬੰਧਨ, ਹੱਥ ਖੱਡੀਆਂ ਤੇ ਕੱਪੜਾ ਤਿਆਰ ਕਰਨ ਅਤੇ ਮਿਲਟ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉੱਦਮਾਂ ਬਾਬਤ ਵੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਪੰਜਾਬ ਜੈਵ ਵਿਭਿੰਨਤਾ ਬੋਰਡ ਦੇ ਜੁਆਇੰਟ ਡਾਇਰੈਕਟਰ ਡਾ. ਗੁਰਹਮਿੰਦਰ ਸਿੰਘ ਵੀ ਮੌਜੂਦ ਸਨ। ਸ਼ੈਲੇਂਦਰ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸਾਨਾਂ ਤੋਂ ਰਵਾਇਤੀ ਦੇਸੀ ਬੀਜ ਤਿਆਰ ਕਰਵਾਉਣਾ, ਉਨ੍ਹਾਂ ਨੂੰ ਇਸ ਕਾਰਜ ਨਾਲ ਜੋੜੀ ਰੱਖਣਾ ਅਤੇ ਇਨ੍ਹਾਂ ਬੀਜਾਂ ਦੀ ਸੰਭਾਲ ਕਰਦਿਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਇਕ ਬਹੁਤ ਵੱਡਾ ਕਾਰਜ ਹੈ। ਖੇਤੀ ਵਿਰਾਸਤ ਮਿਸ਼ਨ ਨੇ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਇਓਡਾਇਵਰਸਿਟੀ ਬੋਰਡ ਵਲੋਂ ਇਸ ਉਪਰਾਲੇ ਨੂੰ ਹੋਰਨਾਂ ਖੇਤਰਾਂ ਵਿਚ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ੈਲੇਂਦਰ ਕੌਰ ਨੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਅਤੇ ਮਿਸ਼ਨ ਦੇ ਹੋਰ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਵਲੋਂ ਕੁਦਰਤੀ ਖੇਤੀ, ਦੇਸੀ ਬੀਜਾਂ ਦੀ ਸੰਭਾਲ, ਜੈਵਿਕ ਵਿਭਿੰਨਤਾ ਦੀ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਸ਼ੈਲੇਂਦਰ ਕੌਰ ਵਲੋਂ ਬੀਜ ਵਿਰਾਸਤ ਕੇਂਦਰ ਦਾ ਦੌਰਾ ਕਰਨ ਅਤੇ ਮਿਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਸ਼ੁਰੂ ਤੋਂ ਹੀ ਪੰਜਾਬ ਦੇ ਰਵਾਇਤੀ ਦੇਸੀ ਬੀਜਾਂ ਦੀ ਸੰਭਾਲ ਲਈ ਯਤਨਸ਼ੀਲ ਰਿਹਾ ਹੈ।