16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲਾਡਲੀ ਧੀ ਦੀ ਮੌਤ ਦੇ 6 ਦਿਨਾਂ ਬਾਅਦ ਵੀ ਲਾਸ਼ ਰੱਖ ਕੇ ਇਨਸਾਫ਼ ਮੰਗ ਰਹੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ੍ਹ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ <br/>

ਅਜੀਤ ਡੈਸਕ 10-04-2026

ਅਜਨਾਲਾ, 9 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਸ਼ਬਾਜਪੁਰ ਵਿਖੇ ਇਕ ਵਿਆਹੁਤਾ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਪਰਿਵਾਰ ਵਲੋਂ ਸਹੁਰੇ ਪਰਿਵਾਰ 'ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਮਿ੍ਤਕਾ ਕੁਲਜੀਤ ਕੌਰ ਦੇ ਪਤੀ ਲਵਦੀਪ ਸਿੰਘ, ਸੱਸ ਚਰਨਜੀਤ ਕੌਰ ਅਤੇ ਨਨਾਣ ਪ੍ਰਭਜੋਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸੱਸ ਅਤੇ ਨਨਾਣ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਜਦਕਿ ਪਤੀ ਲਵਦੀਪ ਸਿੰਘ ਦੀ ਗਿ੍ਫ਼ਤਾਰੀ ਬਾਕੀ ਸੀ | ਮਿ੍ਤਕ ਲੜਕੀ ਦੇ ਪੇਕੇ ਪਰਿਵਾਰ ਵਲੋਂ ਉਸੇ ਦਿਨ ਐਲਾਨ ਕੀਤਾ ਸੀ ਕਿ ਜਦੋਂ ਤੱਕ ਕੁਲਜੀਤ ਕੌਰ ਦੇ ਪਤੀ ਲਵਦੀਪ ਸਿੰਘ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਕੁਲਜੀਤ ਕੌਰ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਕਰਨਗੇ | ਅੱਜ ਪਰਿਵਾਰਕ ਮੈਂਬਰਾਂ ਭਰਾ ਵਰਿੰਦਰ ਸਿੰਘ ਅਤੇ ਭੈਣ ਮਨਬੀਰ ਕੌਰ ਵਲੋਂ ਆਪਣੇ ਗ੍ਰਹਿ ਪਿੰਡ ਹਰੜ ਖ਼ੁਰਦ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਕੱਲ੍ਹ 10 ਅਪ੍ਰੈਲ 12 ਵਜੇ ਤੱਕ ਜੇਕਰ ਮੁੱਖ ਦੋਸ਼ੀ ਲਵਦੀਪ ਸਿੰਘ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਅਸੀਂ ਅਜਨਾਲਾ ਸ਼ਹਿਰ ਦੇ ਮੁੱਖ ਚੌਕ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਗਾਵਾਂਗੇ | ਉਨ੍ਹਾਂ ਦੱਸਿਆ ਕਿ ਕੁਲਜੀਤ ਕੌਰ ਦਾ ਮਿ੍ਤਕ ਸਰੀਰ ਪਿਛਲੇ 6 ਦਿਨਾਂ ਤੋਂ ਸਿਵਲ ਹਸਪਤਾਲ ਅਜਨਾਲਾ ਦੇ ਪੋਸਟ ਮਾਰਟਮ ਹਾਊਸ ਵਿਖੇ ਰੱਖਿਆ ਗਿਆ ਹੈ | ਦੋਵਾਂ ਭੈਣਾਂ ਭਰਾਵਾਂ ਨੇ ਭਾਵੁਕ ਹੁੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਹਿਲਾ ਕਮਿਸ਼ਨ ਪੰਜਾਬ ਕੋਲੋਂ ਮੰਗ ਕੀਤੀ ਕਿ ਸਾਡੀ ਭੈਣ ਕੁਲਜੀਤ ਕੌਰ ਦੇ ਕਾਤਿਲ ਪਤੀ ਨੂੰ ਜਲਦ ਗਿ੍ਫ਼ਤਾਰ ਕਰਕੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸੁੱਟ ਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮੌਕੇ ਮਿ੍ਤਕਾ ਦੇ ਪਿਤਾ ਸੁੱਚਾ ਸਿੰਘ, ਮਾਤਾ ਬਲਵਿੰਦਰ ਕੌਰ, ਪ੍ਰਭਜੋਤ ਕੌਰ, ਜਗਰੂਪ ਸਿੰਘ, ਹਰਮਨਦੀਪ ਸਿੰਘ, ਮਨਦੀਪ ਸਿੰਘ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਚੰਦ ਸਿੰਘ ਹਰੜ ਅਤੇ ਸੁਖਜਿੰਦਰ ਸਿੰਘ ਹਰੜ ਆਦਿ ਹਾਜ਼ਰ ਸਨ |
ਮੁੱਖ ਦੋਸ਼ੀ ਲਵਦੀਪ ਸਿੰਘ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ-ਐੱਸ. ਐੱਚ. ਓ. ਰਾਜਾਸਾਂਸੀ
ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਇੰਸਪੈਕਟਰ ਹਰਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਕੁਲਜੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਉਸਦੀ ਸੱਸ ਚਰਨਜੀਤ ਕੌਰ ਅਤੇ ਨਨਾਣ ਪ੍ਰਭਜੋਤ ਕੌਰ ਨੂੰ ਗਿ੍ਫ਼ਤਾਰ ਕਰਕੇ ਜੁਡੀਸ਼ੀਅਲ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਕੁਲਜੀਤ ਸਿੰਘ ਦੇ ਪਤੀ ਲਵਦੀਪ ਸਿੰਘ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਰਾਣਾ ਰਵਨੀਤ ਸਿੰਘ ਕੰਗ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਅਗਲੀ ਖ਼ਬਰ ਏਕਨੂਰ ਸਿੰਘ ਅਤੇ ਰਾਜਪਾਲ ਸਿੰਘ ਭਾਰਤੀ ਫੌਜ 'ਚ ਲੈਫਟੀਨੈਂਟ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।